ਮੁੰਬਈ: ਬਾਲੀਵੁਡ ਦੇ ਉਘੇ ਅਦਾਕਾਰ ਦਲੀਪ ਕੁਮਾਰ ਨੂੰ ਮੁੰਬਈ ਦੇ ਜੁਹੂ ਕਬਰਿਸਤਾਨ ਵਿਚ ਸਪੁਰਦ-ਏ-ਖ਼ਾਕ ਕਰ ਦਿਤਾ ਗਿਆ। ਮੁੰਬਈ ਪੁਲਿਸ ਦੇ ਜਵਾਨਾਂ ਨੇ ਗੋਲੀਆਂ ਚਲਾ ਕੇ ਦਲੀਪ ਕੁਮਾਰ ਨੂੰ ਆਖ਼ਰੀ ਸਲਾਮੀ ਦਿਤੀ। ਦਲੀਪ ਸਾਹਿਬ ਦੀ ਪਤਨੀ ਸਾਇਰਾ ਬਾਨੋ ਨੇ ਵੀ ਕਬਰਿਸਤਾਨ ਪਹੁੰਚ ਕੇ ਉਨ੍ਹਾਂ ਨੂੰ ਆਖ਼ਰੀ ਸਲਾਮੀ ਦਿਤੀ। ਇਸ ਦੌਰਾਨ ਉਹ ਲਗਾਤਾਰ ਰੋ ਰਹੀ ਸੀ। ਬੁਧਵਾਰ ਸਵੇਰੇ ਕਰੀਬ 7.30 ਵਜੇ ਦਲੀਪ ਕੁਮਾਰ ਦਾ ਦਿਹਾਂਤ ਹੋ ਗਿਆ। ਉਹ 98 ਸਾਲ ਦੇ ਸਨ। ਉਨ੍ਹਾਂ ਨੇ ਮੁੰਬਈ ਦੇ ਹਿੰਦੁਜਾ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਦੁਪਹਿਰ ਸਮੇਂ ਮੁੱਖ ਮੰਤਰੀ ਊਧਵ ਠਾਕਰੇ, ਐਨਸੀਪੀ ਮੁਖੀ ਸ਼ਰਦ ਪਵਾਰ ਅਤੇ ਸ਼ਾਹਰੁਖ਼ ਖ਼ਾਨ ਦਲੀਪ ਸਾਹਿਬ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਦੀ ਤਬੀਅਤ ਲੰਮੇ ਸਮੇਂ ਤੋਂ ਖ਼ਰਾਬ ਸੀ। ਦਲੀਪ ਦਾ ਅਸਲੀ ਨਾਮ ਮੁਹੰਮਦ ਯੂਸੁਫ਼ ਖ਼ਾਨ ਸੀ।