ਨਵੀਂ ਦਿੱਲੀ : ਅਪ੍ਰੈਲ ਅਤੇ ਮਈ ਦੀ ਤੁਲਨਾ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਹੈ। ਇਕ ਵਕਤ ਸੀ ਜਦ ਰੋਜ਼ਾਨਾ ਚਾਰ ਲਗਭਗ ਚਾਰ ਲੱਖ ਨਵੇਂ ਮਾਮਲੇ ਆ ਰਹੇ ਸਨ। ਪਰ ਇਸ ਵੇਲੇ 45000 ਦੇ ਨੇੜੇ ਤੇੜੇ ਨਵੇਂ ਮਾਮਲੇ ਆ ਰਹੇ ਹਨ। ਇਨ੍ਹਾਂ ਸਭ ਵਿਚਾਲੇ ਕੇਰਲਾ ਵਿਚ ਲਗਾਤਾਰ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਵੇਖਿਆ ਜਾ ਰਿਹਾ ਹੈ। ਕੇਰਲਾ ਵਿਚ ਬੁਧਵਾਰ ਨੂੰ ਕੋਵਿਡ ਦੇ 15600 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ 30,11,694 ਹੋ ਗਈ। ਮਹਾਂਮਾਰੀ ਨਾਲ 148 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 14108 ਹੋ ਗਈ। ਰਾਜ ਸਰਕਾਰ ਨੇ ਦਸਿਆ ਕਿ 11629 ਮਰੀਜ਼ਾਂ ਦੇ ਲਾਗ ਮੁਕਤ ਹੋਣ ਦੇ ਬਾਅਦ ਕੁਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 2889186 ਹੋ ਗਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ 8 ਰਾਜਾਂ ਨੂੰ ਚੌਕਸ ਕਰ ਦਿਤਾ ਹੈ। ਅਰੁਣਾਚਲ ਪ੍ਰਦੇਸ਼, ਮਣੀਪੁਰ, ਕੇਰਲਾ, ਆਸਾਮ, ਮੇਘਾਲਿਆ, ਤ੍ਰਿਪੁਰਾ, ਸਿੱਕਮ ਅਤੇ ਉੜੀਸਾ ਵਿਚ ਲਗਾਤਾਰ ਸਰਗਰਮ ਮਾਮਲਿਆਂ ਵਿਚ ਤੇਜ਼ੀ ਵੇਖੀ ਜਾ ਰਹੀ ਹੈ। ਇਨ੍ਹਾਂ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਚੌਕਸ ਰਹਿਣ ਲਈ ਆਖਿਆ ਗਿਆ ਹੈ। ਨਾਲ ਹੀ ਨਵੇਂ ਮਾਮਲਿਆਂ ਨੂੰ ਰੋਕਣ ਲਈ ਸਲਾਹ ਦਿਤੀ ਗਈ ਹੈ। ਸਿਹਤ ਮੰਤਰਾਲੇ ਨੇ ਉੜੀਸਾ ਵਿਚ ਲਾਗ ਦਰ ਦੇ 10 ਫ਼ੀਸਦੀ ਤੋਂ ਜ਼ਿਆਦਾ ਬਣੇ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਕੋਵਿਡ ਦੇ ਮਾਮਲੇ ਘੱਟ ਰਹੇ ਹਨ ਪਰ ਜਿਸ ਤਰ੍ਹਾਂ ਜਨਤਕ ਥਾਵਾਂ ’ਤੇ ਲੋਕਾਂ ਦੀ ਭੀੜ ਵੱਧ ਰਹੀ ਹੈ, ਉਸ ਨੂੰ ਵੇਖਦਿਆਂ ਸਰਕਾਰਾਂ ਚਿੰਤਤ ਜ਼ਰੂਰ ਹੋ ਗਈਆਂ ਹਨ।