ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ 2.0 ਸਰਕਾਰ ਦਾ ਬੁਧਵਾਰ ਨੂੰ ਪਹਿਲਾ ਵਜ਼ਾਰਤੀ ਵਾਧਾ ਹੋਇਆ। ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਛੁੱਟੀ ਕਰ ਦਿਤੀ ਗਈ ਅਤੇ ਮਨਸੁਖ ਮੰਡਾਵੀਆ ਨੂੰ ਕੇਂਦਰੀ ਸਿਹਤ ਮੰਤਰੀ ਬਣਾਇਆ ਗਿਆ ਹੈ। ਗੁਜਰਾਤ ਦੇ ਸੌਰਾਸ਼ਟਰ ਨਾਲ ਸਬੰਧਤ ਭਾਜਪਾ ਆਗੂ ਮਨਸੁਖ ਨੇ ਅੱਜ ਕੇਂਦਰੀ ਸਿਹਤ ਮੰਤਰਾਲੇ ਦਾ ਕਾਰਜਭਾਰ ਸੰਭਾਲ ਲਿਆ। ਇਸ ਦੌਰਾਨ ਉਨ੍ਹਾਂ ਦਾ ਪੁਰਾਣਾ ਟਵੀਟ ਸੋਸ਼ਲ ਮੀਡੀਆ ਵਿਚ ਫੈਲ ਗਿਆ ਜਿਸ ਵਿਚ ਗ਼ਲਤ ਅੰਗਰੇਜ਼ੀ ਦੀ ਵਰਤੋਂ ਹੋਈ ਹੈ। ਸਿਹਤ ਮੰਤਰੀ ਮੰਡਾਵੀਆ ਨੂੰ ਜਦ ਟਿਪਣੀਕਾਰਾਂ ਨੇ ਨਿਸ਼ਾਨਾ ਬਣਾਇਆ ਤਾਂ ਉਨ੍ਹਾਂ ਟਵਿਟਰ ’ਤੇ ਕੁਝ ਪੁਰਾਣੀਆਂ ਟਿਪਣੀਆਂ ਕੱਟ ਦਿਤੀਆਂ। ਫ਼ਿਲਹਾਲ ਉਨ੍ਹਾਂ ਦੇ ਇਕ ਟਵੀਟ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ ਵਿਚ ਫੈਲ ਰਿਹਾ ਹੈ ਜਿਸ ਵਿਚ ਲਿਖਿਆ ਹੈ ਕਿ ਮਹਾਤਮਾ ਗਾਂਧੀ ਸਾਡੇ ਪਿਤਾ ਦੇ ਰਾਸ਼ਟਰ ਹਨ। ਸਕਰੀਨਸ਼ਾਟ ਵੇਖ ਕੇ ਲਗਦਾ ਹੈ ਕਿ ਸਿਹਤ ਮੰਤਰੀ ਨੇ ਇਹ ਟਵੀਟ 23 ਅਗਸਤ 2013 ਨੂੰ ਕੀਤਾ ਸੀ ਜੋ ਡਿਲੀਟ ਹੋ ਚੁਕਾ ਹੈ। ਇਕ ਹੋਰ ਟਵੀਟ ਦਾ ਸਕਰੀਨਸ਼ਾਟ ਫੈਲ ਰਿਹਾ ਹੈ। ਇਸ ਵਿਚ ਉਨ੍ਹਾਂ ਆਜ਼ਾਦੀ ਦਿਵਸ ਦੀ ਵਧਾਈ ਦਿਤੀ ਹੈ। ਹਾਲਾਂਕਿ ਇਸ ਵਿਚ ਗ਼ਲਤ ਅੰਗਰੇਜ਼ੀ ਦੀ ਵਰਤੋਂ ਹੋਈ ਹੈ। ਇਸ ਟਵੀਟ ਦੇ ਸਕਰੀਨਸ਼ਾਟ ਸਾਂਝੇ ਕਰਦਿਆਂ ਇਕ ਵਿਅਕਤੀ ਨੇ ਲਿਖਿਆ ਕਿ ਮੋਦੀ ਜੀ, ਲੋਕਾਂ ਨੂੰ ਹਸਾ ਹਸਾ ਕੇ ਮਾਰਨ ਦਾ ਇਰਾਦਾ ਹੈ ਕਿ ਜੋ ਅਜਿਹੇ ਵਿਅਕਤੀ ਨੂੰ ਸਿਹਤ ਮੰਤਰਾਲਾ ਦਿਤਾ ਗਿਆ ਹੈ।