ਨਵੀਂ ਦਿੱਲੀ : ਮੌਸਮ ਵਿਭਾਗ ਵਲੋਂ ਜਾਰੀ ਅਨੁਮਾਨ ਵਿਚ ਦਸਿਆ ਗਿਆ ਹੈ ਕਿ ਮਾਨਸੂਨ ਦੀ ਟਰੱਫ਼ ਰੇਖਾ ਉਤਰ ਪੱਛਮੀ ਯੂਪੀ ਤੋਂ ਉਤਰ ਪੂਰਬ ਬੰਗਾਲ ਦੀ ਖਾੜੀ ਤਕ ਦਖਣੀ ਬਿਹਾਰ ਅਤੇ ਉਤਰੀ ਝਾਰਖੰਡ ਹੋ ਕੇ ਗੰਗੀਯ ਪਛਮੀ ਬੰਗਾਲ ਵਿਚੋਂ ਲੰਘ ਰਹੀ ਹੈ। ਨਾਲ ਇਕ ਹੋਰ ਟਰੱਫ਼ ਰੇਖਾ ਝਾਰਖੰਡ ਤੋਂ ਉੜੀਸਾ ਹੋ ਕੇ ਲੰਘ ਰਹੀ ਹੈ। ਇਸ ਦਾ ਅਸਰ ਬਿਹਾਰ ਦੇ ਮੌਸਮ ’ਤੇ ਪਏਗਾ। ਕਿਹਾ ਗਿਆ ਹੈ ਕਿ ਯੂਪੀ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿਚ ਅੱਠ ਜੁਲਾਈ ਦੀ ਰਾਤ ਅਤੇ 9 ਜੁਲਾਈ ਨੂੰ ਭਾਰੀ ਮੀਂਹ ਪੈ ਸਕਦਾ ਹੈ ਜਦਕਿ ਪੰਜਾਬ ਵਿਚ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਦਖਣੀ ਬਿਹਾਰ ਦੇ ਨਾਲ-ਨਾਲ ਉਤਰੀ ਬਿਹਾਰ ਵਿਚ ਬੱਦਲ ਗਰਜਣ ਅਤੇ ਆਸਮਾਨੀ ਬਿਜਲੀ ਲਿਸ਼ਕਣ ਦਾ ਅਨੁਮਾਨ ਹੈ। ਇਸ ਬਾਬਤ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਧਰ, ਉਛਰ ਪਛਮੀ ਭਾਰਤ ਦੇ ਰਾਜ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਨੌਂ ਜੁਲਾਈ ਨੂੰ ਕਿਤੇ ਕਿਤੇ ਮੀਂਹ ਦਾ ਅਨੁਮਾਨ ਲਾਇਆ ਗਿਆ ਹੈ। ਪੂਰਬੀ ਰਾਜਸਥਾਨ ਵਿਚ 10 ਜੁਲਾਈ ਦੇ ਬਾਅਦ ਮੀਂਹ ਪੈਣ ਦਾ ਅਨੁਮਾਨ ਲਾਇਆ ਗਿਆ ਹੈ। ਸਕਾਈਮੇਟ ਵੈਦਰ ਏਜੰਸੀ ਮੁਤਾਬਕ ਬਿਹਰ ਦੇ ਕੁਝ ਹਿੱਸਿਆਂ, ਪਛਮੀ ਬੰਗਾਲ, ਸਿੱਕਮ, ਆਸਾਮ ਦੇ ਕੁਝ ਹਿੱਸਿਆਂ, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਵਿਦਰਭ, ਤੇਲੰਗਾਨਾ ਅਤੇ ਤੱਟੀ ਉੜੀਸਾ ਵਿਚ ਹਲਕੇ ਤੋਂ ਦਰਮਿਾਨਾ ਮੀਂਹ ਪੈਣ ਦੇ ਅਸਾਰ ਹਨ। ਕਰਨਾਟਕ, ਦਖਣੀ ਕੋਂਕਣ ਅਤੇ ਗੋਆ ਦਖਣੀ ਮੱਧ ਮਹਾਰਾਸ਼ਟਰ, ਤੱਟੀ ਆਂਧਰਾ ਪ੍ਰਦੇਸ਼ ਅਤੇ ਮਰਾਠਵਾੜਾ ਦੇ ਵੱਖ ਵੱਖ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ ਅਸਾਰ ਹਨ। ਇਨ੍ਹਾਂ ਵਿਚੋਂ ਕੁਝ ਥਾਵਾਂ ’ਤੇ ਤੇਜ਼ ਮੀਂਹ ਪੈ ਸਕਦਾ ਹੈ। ਪਛਮੀ ਉਤਰ ਪ੍ਰਦੇਸ਼, ਹਿਮਾਲਿਆ ਦੇ ਕੁਝ ਹਿੱਸਿਆਂ, ਪੰਜਾਬ, ਪਛਮੀ ਮੱਧ ਪ੍ਰਦੇਸ਼ ਅਤੇ ਦਖਣੀ ਪੂਰਬੀ ਰਾਜਥਾਨ ਵਿਚ ਹਲਕੀ ਬਾਰਸ਼ ਦੇ ਨਾਲ ਇਕ ਦੋ ਥਾਵਾਂ ’ਤੇ ਦਰਮਿਆਨਾ ਮੀਂਹ ਪੈ ਸਕਦਾ ਹੈ।