ਦੁਬਈ :ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਤੁਸੀਂ ਕਈ ਤਰ੍ਹਾਂ ਦੇ ਸਵਿਮਿੰਗ ਪੂਲ ਵੇਖੇ ਹੋਣਗੇ। ਦੁਬਈ ਵਿਚ ਦੁਨੀਆਂ ਦਾ ਸਭ ਤੋਂ ਡੂੰਘਾ ਸਵਿਮਿੰਗ ਪੂਲ ਬਣਾਇਆ ਗਿਆ ਹੈ। ਗਲਫ਼ ਨਿਊਜ਼ ਦੀ ਰੀਪੋਰਟ ਮੁਤਾਬਕ ਇਸ ਸਵਿਮਿੰਗ ਪੂਲ ਦੇ ਅੰਦਰ ਅਪਾਰਟਮੈਂਟ, ਹੋਟਲ ਅਤੇ ਦੁਕਾਨਾਂ ਵੀ ਹਨ। ਦੁਬਈ ਦੇ ਲਾਗੇ ਨਾਦ ਅਲ ਸ਼ੇਬਾ ਇਲਾਕੇ ਵਿਚ ‘ਡੀਪ ਡਾਈਵ ਦੁਬਈ’ ਨਾਮ ਦਾ ਸਵਿਮਿੰਗ ਪੂਲ ਤਿਆਰ ਕੀਤਾ ਗਿਆ ਹੈ। ਇਸ ਦੀ ਡੂੰਘਾਈ 60.02 ਮੀਟਰ ਹੈ। ਗਿਨਜ਼ ਵਰਲਡ ਰੀਕਾਰਡ ਮੁਤਾਬਕ ਇਹ ਪੂਲ ਦੁਨੀਆਂ ਦਾ ਸਭ ਤੋਂ ਡੂੰਘਾ ਸਵਿਮਿੰਗ ਪੂਲ ਹੈ। ਇਸ ਦੀ ਸਮਰੱਥਾ 1 ਕਰੋੜ 40 ਲੱਖ ਲੀਟਰ ਪਾਣੀ ਦੀ ਹੈ ਜੋ ਉਲੰਪਿਕ ਸਾਈਜ਼ ਦੇ 6 ਸਵਿਮਿੰਗ ਪੂਲ ਦੇ ਬਰਾਬਰ ਹੈ। 1500 ਵਰਗ ਮੀਟਰ ਵਿਚ ਫੈਲੀ ਇਸ ਥਾਂ ਦੇ ਤਾਪਮਾਨ ਨੂੰ 30 ਡਿਗਰੀ ਸੈਲਸੀਅਸ ’ਤੇ ਰਖਿਆ ਗਿਆ ਹੈ। ਸਵਿਮਿੰਗ ਪੂਲ ਵਿਚ ਗੋਤਾਖੋਰੀ ਦੀ ਇਕ ਦੁਕਾਨ ਹੈ। ਨਾਲ ਹੀ ਗਿਫ਼ਟ ਸ਼ਾਪ ਵੀ ਹੈ। ਰੇਸਤਰਾਂ ਵੀ ਹੈ ਜੋ 2021 ਦੇ ਅੰਤ ਤਕ ਖੁਲ੍ਹਾ ਰਹੇਗਾ। ਪੂਲ ਅੰਦਰ ਦੋ ਕਮਰੇ ਹਨ। ਦੋ ਸੁੱਕੇ ਕਮਰੇ ਵੀ ਹਨ ਯਾਨੀ ਇਥੇ ਬਿਲਕੁਲ ਵੀ ਪਾਣੀ ਨਹੀਂ। ਸਵਿਮਿੰਗ ਪੂਲ ਦੇ ਪਾਣੀ ਨੂੰ ਹਰ ਛੇ ਘੰਟੇ ਬਾਅਦ ਫ਼ਿਲਟਰ ਕੀਤਾ ਜਾਵੇਗਾ। ਦੁਬਈ ਦੇ ਕਰਾਊਨ ਪ੍ਰਿੰਸ ਸ਼ੇਖ਼ ਹਮਦਾਨ ਬਿਨ ਮੁਹੰਮਦ ਨੇ ਸੋਸ਼ਲ ਮੀਡੀਆ ਵਿਚ ਇਯ ਦੀ ਵੀਡੀਉ ਪਾਈ ਹੈ। ਉਨ੍ਹਾਂ ਲਿਖਿਆ ਕਿ ਇਸ ਪੂਲ ਵਿਚ ਤੁਹਾਡੀ ਉਡੀਕ ਹੈ। ਇਸ ਦੀ ਪਬਲਿਕ ਬੁਕਿੰਗ ਜੁਲਾਈ ਦੇ ਅਖ਼ੀਰ ਵਿਚ ਸ਼ੁਰੂ ਹੋਵੇਗੀ।