ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ਿਆਂ ਕਾਰਨ ਕੇਂਦਰ ਸਰਕਾਰ ਨੇ ਤਿਆਰੀਆਂ ਤੇਜ਼ ਕਰ ਦਿਤੀਆਂ ਹਨ। ਦੇਸ਼ ਵਿਚ ਮੈਡੀਕਲ ਆਕਸਜੀਨ ਦੀ ਉਪਲਭਧਤਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਚ ਪੱਧਰੀ ਬੈਠਕ ਕੀਤੀ ਅਤੇ 1500 ਆਕਸੀਜਨ ਪਲਾਂਟ ਲਾਏ ਜਾਣ ਦਾ ਹੁਕਮ ਦਿਤਾ। ਇਨ੍ਹਾਂ ਪਲਾਂਟਾਂ ਨੂੰ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਸਥਾਪਤ ਕੀਤਾ ਜਾਵੇਗਾ। ਮੋਦੀ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਕਰਨ ਕਿ ਇਹ ਛੇਤੀ ਤੋਂ ਛੇਤੀ ਕੰਮ ਕਰਨ ਲੱਗ ਪੈਣ।
ਇਸ ਦੇ ਨਾਲ ਹੀ ਮੀਟਿੰਗ ਵਿਚ ਮੋਦੀ ਨੇ ਹਸਪਤਾਲ ਸਟਾਫ਼ ਨੂੰ ਆਕਸੀਜਨ ਪਲਾਂਟ ਦੇ ਸੰਚਾਲਣ ਅਤੇ ਸੰਭਾਲ ਲਈ ਜ਼ਰੂਰੀ ਟਰੇਨਿੰਗ ਦਿਤੇ ਜਾਣ ’ਤੇ ਵੀ ਜ਼ੋਰ ਦਿਤਾ। ਆਕਸੀਜਨ ਪਲਾਂਟ ਲਾਉਣ ਲਈ ਪੀਐਮ ਕੇਅਰਜ਼ ਫ਼ੰਡ ਵਿਚੋਂ ਪੈਸਾ ਖ਼ਰਚਿਆ ਜਾਵੇਗਾ। ਇਸ ਨਾਲ ਦੇਸ਼ ਵਿਚ 4 ਲੱਖ ਆਕਸੀਜਨ ਬੈਡ ਤਿਆਰ ਕਰਨ ਵਿਚ ਮਦਦ ਮਿਲੇਗੀ। ਮੋਦੀ ਨੇ ਇਸ ਅਹਿਮ ਮੀਟਿੰਗ ਵਿਚ ਕਿਹਾ ਕਿ ਹਰ ਜ਼ਿਲ੍ਹੇ ਵਿਚ ਅਜਿਹੇ ਕੁਝ ਲੋਕ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਆਕਸਜੀਨ ਪਲਾਂਟ ਦੇ ਸੰਚਾਲਣ ਅਤੇ ਸੰਭਾਲ ਦੀ ਟਰੇਨਿੰਗ ਦਿਤੀ ਜਾਵੇ। ਭਾਰਤ ਵਿਚ ਮਾਰਚ ਤੋਂ ਲੈ ਕੇ ਮਈ ਤਕ ਚਲੀ ਕੋਰੋਨਾ ਦੀ ਦੂਜੀ ਲਹਿਰ ਵਿਚ ਵੱਡੇ ਪੱਧਰ ’ਤੇ ਕੋਰੋਨਾ ਦੇ ਕੇਸ ਮਿਲੇ ਸਨ।
ਪਹਿਲੀ ਲਹਿਰ ਦੇ ਮੁਕਾਬਲੇ ਇਸ ਵਾਰ ਆਕਸੀਜਨ ਦੀ ਕਮੀ ਦੇ ਮਾਮਲੇ ਬਹੁਤ ਜ਼ਿਆਦਾ ਵੇਖਣ ਨੂੰ ਮਿਲੇ ਸਨ। ਮੁੰਬਈ, ਦਿੱਲੀ, ਬੰਗਲੌਰ ਸਮੇਤ ਦੇਸ਼ ਦੇ ਤਮਾਮ ਸ਼ਹਿਰਾਂ ਵਿਚ ਮੈਡੀਕਲ ਆਕਸਜੀਨ, ਵੈਂਟੀਲੇਟਰ ਬੈੱਡ ਆਦਿ ਤਕ ਦੀ ਕਮੀ ਪੈ ਗਈ ਸੀ। ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਸੂਬਾਈ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਨਵੀਂ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਕਿ ਸਥਾਨਕ ਅਤੇ ਰਾਸ਼ਟਰੀ ਪੱਧਰ ’ਤੇ ਆਕਸੀਜਨ ਪਲਾਂਟਾਂ ਦੇ ਕੰਮਕਾਜ ਦੀ ਮਾਨੀਟਰਿੰਗ ਕੀਤੀ ਜਾ ਸਕੇ।