ਮੁੰਬਈ : 2017 ਵਿਚ ਅਪਣੀ ਮਾਂ ਦੀ ਬੇਰਹਿਮੀ ਨਾਲ ਹਤਿਆ ਕਰਨ ਅਤੇ ਉਸ ਦੇ ਦਿਲ, ਗੁਰਦੇ ਅਤੇ ਆਂਦਰਾਂ ਕੱਢ ਕੇ ਉਨ੍ਹਾਂ ਵਿਚ ਲੂਣ-ਮਿਰਚ ਲਾ ਕੇ ਖਾਣ ਵਾਲੇ ਦਰਿੰਦੇ ਨੂੰ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਵੀਰਵਾਰ ਨੂੰ ਸਜ਼ਾ ਸੁਣਾਉਂਦੇ ਸਮੇਂ ਜ਼ਿਲ੍ਹਾ ਅਦਾਲਤ ਦੇ ਜੱਜ ਮਹੇਸ਼ ਜਾਧਵ ਨੇ ਕਿਹਾ ਕਿ ਅਜਿਹਾ ਘਿਨੌਣਾ ਮਾਮਲਾ ਅੱਜ ਤਕ ਵੇਖਣ ਨੂੰ ਨਹੀਂ ਮਿਲਿਆ, ਇਸ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ। 35 ਸਾਲ ਦਾ ਸੁਨੀਲ ਕੁਚੀਕੋਰਵੀ ਵਾਰਦਾਤ ਦੇ ਬਾਅਦ ਤੋਂ ਹੀ ਜੇਲ ਵਿਚ ਬੰਦ ਸੀ। ਉਸ ਕੋਲ ਸਜ਼ਾ ਵਿਰੁਧ ਅਪੀਲ ਪਾਉਣ ਦਾ ਬਦਲ ਹੈ। ਕੋਹਲਾਪੁਰ ਦੇ ਮੱਕਡਵਾਲਾ ਇਲਾਕੇ ਵਿਚ ਇਹ ਵਾਰਦਾਤ 28 ਅਗਸਤ 2017 ਵਿਚ ਵਾਪਰੀ ਸੀ। ਸੁਨੀਲ ਨੇ ਅਪਣੀ 62 ਸਾਲਾ ਮਾਂ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਸੀ। ਪੁਲਿਸ ਨੇ ਜਦ ਸੁਨੀਲ ਨੂੰ ਫੜਿਆ ਤਾਂ ਉਸ ਦੇ ਮੂੰਹ ਨੂੰ ਖ਼ੂਨ ਲੱਗਾ ਹੋਇਆ ਸੀ। ਬਾਅਦ ਵਿਚ ਉਸ ਨੇ ਅਪਣੀ ਮਾਂ ਦੇ ਅੰਗ ਖਾਣ ਦੀ ਗੱਲ ਕਬੂਲੀ ਸੀ। ਸੁਨੀਲ ਸ਼ਰਾਬ ਦਾ ਆਦੀ ਸੀ ਅਤੇ ਵਾਰਦਾਤ ਵਾਲੇ ਦਿਨ ਅਪਣੀ ਮਾਂ ਕੋਲੋਂ ਸ਼ਰਾਬ ਖਰੀਦਣ ਲਈ ਪੈਸੇ ਮੰਗਣ ਗਿਆ ਸੀ। ਮਾਂ ਨੇ ਨਾਂਹ ਕੀਤੀ ਤਾਂ ਉਸ ਨੇ ਗੁੱਸੇ ਵਿਚ ਉਸ ਦੀ ਹਤਿਆ ਕਰ ਦਿਤੀ। ਸ਼ਰਾਬ ਪੀਣ ਮਗਰੋਂ ਉਹ ਬੇਕਾਬੂ ਹੋ ਜਾਂਦਾ ਸੀ।