ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਕੱਢਣ ਦਾ ਐਲਾਨ ਕੀਤਾ ਹੈ। ਜੋਸ਼ੀ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2012 ਤੋਂ 2017 ਤੱਕ ਕੈਬਨਿਟ ਮੰਤਰੀ ਰਹੇ ਅਤੇ ਉਹ ਅੰਮ੍ਰਿਤਸਰ ਸ਼ਹਿਰ ਦੇ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਸਨ। ਅਨਿਲ ਜੋਸ਼ੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ, ਜਿਨ੍ਹਾਂ ਲੋਕਾਂ ਨੇ ਪੰਜਾਬ ‘ਚ ਭਾਜਪਾ ਦੀ ਬੇੜੀ ਡੁਬਾਉਣ ਦਾ ਕੰਮ ਕੀਤਾ, ਉਨ੍ਹਾਂ ਨੇ ਹੀ ਪੰਜਾਬ ਦੀ ਆਵਾਜ਼ ਉਠਾਉਣ ਕਾਰਨ ਮੈਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਫੈਸਲਾ ਲਿਆ ਹੈ। ਇਹ ਨਾ ਸਿਰਫ਼ ਉਨ੍ਹਾਂ ਵਲੋਂ ਪਾਰਟੀ ਨੂੰ ਦਿੱਤੇ ਗਏ ਆਪਣੇ ਜੀਵਨ ਦੇ 35 ਸਾਲਾਂ ਨੂੰ ਅਣਡਿੱਠਾ ਕਰਨਾ ਹੈ, ਸਗੋਂ ਉਨ੍ਹਾਂ ਦੇ ਪਿਤਾ ਵਲੋਂ ਅੱਤਵਾਦ ਦੌਰਾਨ ਪਾਰਟੀ ਲਈ ਦਿੱਤੀ ਕੁਰਬਾਨੀ ਦਾ ਵੀ ਨਿਰਾਦਰ ਹੈ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਪੰਜਾਬ ਅਤੇ ਇਸ ਵਿਚ ਰਹਿਣ ਵਾਲੇ ਕਿਸਾਨਾਂ, ਵਪਾਰੀਆਂ ਅਤੇ ਆੜ੍ਹਤੀਆਂ ਦੀ ਆਵਾਜ ਉਠਾਉਣ ਲਈ ਪਾਰਟੀ ‘ਚੋਂ ਕੱਢਿਆ ਗਿਆ ਹੈ।ਜੋਸ਼ੀ ਨੇ ਕਿਹਾ ਕਿ ਜਦੋਂ ਕਿਸੇ ਰਾਜਨੇਤਾ ਨੂੰ ਕਿਸੇ ਭ੍ਰਿਸ਼ਟ ਜਾਂ ਗਲਤ ਕੰਮ ਕਾਰਨ ਕਿਸੇ ਰਾਜਨੀਤਿਕ ਦਲ ਵਲੋਂ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਨਮੋਸ਼ੀ ਰਹਿੰਦੀ ਹੈ ਪਰ ਜਿਸ ਤਰੀਕੇ ਨਾਲ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ ਉਠਾਉਣ ਕਾਰਨ ਪਾਰਟੀ ਤੋਂ ਬਾਹਰ ਕੱਢਿਆ ਹੈ, ਉਨ੍ਹਾਂ ਲਈ ਇਹ ਇਕ ਤਮਗੇ ਵਾਂਗ ਹੈ।