ਨਵੀਂ ਦਿੱਲੀ : ਆਖ਼ਰਕਾਰ ਟਵਿਟਰ ਨੇ ਭਾਰਤ ਦੇ ਨਵੇਂ ਆਈ.ਟੀ. ਨਿਯਮਾਂ ਨੂੰ ਮੰਨ ਲਿਆ ਹੈ। ਕੰਪਨੀ ਨੇ ਭਾਰਤ ਵਿਚ ਅਪਣਾ ਰੈਜ਼ੀਡੈਂਟ ਗ੍ਰੀਵਾਂਸ ਅਫ਼ਸਰ ਨਿਯੁਕਤ ਕਰ ਦਿਤਾ ਹੈ। ਟਵਿਟਰ ਨੇ ਅਪਣੀ ਅਧਿਕਾਰਤ ਵੈਬਸਾਈਟ ’ਤੇ ਦਸਿਆ ਹੈ ਕਿ ਉਸ ਨੇ ਵਿਨੇ ਪ੍ਰਕਾਸ਼ ਨੂੰ ਸ਼ਿਕਾਇਤ ਅਧਿਕਾਰੀ ਬਣਾਇਆ ਹੈ। ਸਰਕਾਰ ਨੇ 25 ਫ਼ਰਵਰੀ ਨੂੰ ਨਵੇਂ ਕਾਨੂੰਨ ਲਾਗੂ ਕੀਤੇ ਸਨ। ਇਨ੍ਹਾਂ ਨਿਯਮਾਂ ਦਾ 3 ਮਹੀਨੇ ਅੰਦਰ ਯਾਨੀ 25 ਮਈ ਤੋਂ ਪਹਿਲਾਂ ਪਾਲਣ ਕੀਤਾ ਜਾਣਾ ਸੀ, ਪਰ ਟਵਿਟਰ ਨੇ ਡੈਡਲਾਈਨ ਖ਼ਤਮ ਹੋਣ ਦੇ 46 ਦਿਨਾਂ ਬਾਅਦ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਹੈ। ਇਸ ਤੋਂ ਪਹਿਲਾਂ 27 ਜੂਨ ਨੂੰ ਟਵਿਟਰ ਇੰਡੀਆ ਦੇ ਅੰਤਰਮ ਸ਼ਿਕਾਇਤ ਅਧਿਕਾਰੀ ਧਰਮਿੰਦਰ ਚਤੁਰ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਦੀ ਨਿਯੁਕਤੀ ਕੁਝ ਹਫ਼ਤੇ ਪਹਿਲਾਂ ਹੀ ਟਵਿਟਰ ਇੰਡੀਆ ਨੇ ਨਵੇਂ ਆਈ.ਟੀ. ਨਿਯਮਾਂ ਦੀ ਪਾਲਣਾ ਲਈ ਕੀਤੀ ਸੀ। ਕੰਪਨੀ ਨੇ ਇਹ ਵੀ ਦਸਿਆ ਹੈ ਕਿ ਟਵਿਟਰ ਅਕਾਊਂਟ ਮੁਅੱਤਲੀ ਨਾਲ ਜੁੜੀਆਂ 56 ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਗਈ ਹੈ। ਨਵੇਂ ਆਈ.ਟੀ. ਮੰਤਰੀ ਨੇ ਅਹੁਦਾ ਸੰਭਾਲਦਿਆਂ ਹੀ ਟਵਿਟਰ ਨੂੰ ਕਿਹਾ ਸੀ ਕਿ ਉਸ ਨੂੰ ਭਾਰਤ ਦੇ ਕਾਨੂੰਨਾਂ ਨੂੰ ਹਰ ਹਾਲ ਵਿਚ ਮੰਨਣਾ ਪਵੇਗਾ।