ਲਖਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੁਆਰਾ ਅੱਜ ‘ਉਤਰ ਪ੍ਰਦੇਸ਼ ਜਨਸੰਖਿਆ ਨੀਤੀ 2021-2030 ਜਾਰੀ ਕੀਤੀ ਗਈ ਅਤੇ ਕਿਹਾ ਕਿ ਵਧਦੀ ਆਬਾਦੀ ਸਮਾਜ ਵਿਚ ਵਿਦਮਾਨ ਅਸਮਾਨਤਾ ਅਤੇ ਹੋਰ ਸਮੱਸਿਆਵਾਂ ਦੀ ਜੜ੍ਹ ਹੈ। ਉਧਰ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨੇ ਯੂਪੀ ਵਿਚ ਤਜਵੀਜ਼ਸ਼ੁਦਾ ਆਬਾਦੀ ਕੰਟਰੋਲ ਖਰੜਾ ਬਿਲ ’ਤੇ ਸਖ਼ਤ ਪ੍ਰਤੀਕਰਮ ਦਿਤਾ ਹੈ। ਇਸ ਬਿੱਲ ਵਿਚ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਅਤੇ ਹੋਰ ਸਹੂਲਤਾਂ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਸੰਭਲ ਤੋਂ ਸੰਸਦ ਮੈਂਬਰ ਡਾ. ਸ਼ਫ਼ੀਕੁਰਹਿਮਾਨ ਬਰਕ ਨੇ ਕਿਹਾ ਕਿ ਕਾਨੂੰਨ ਬਣਾਉਣਾ ਸਰਕਾਰ ਦੇ ਹੱਥ ਵਿਚ ਹੈ ਪਰ ਜਦ ਬੱਚਾ ਪੈਦਾ ਹੋਵੇਗਾ ਤਾਂ ਉਸ ਨੂੰ ਕੌਣ ਰੋਕ ਸਕਦਾ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨੇ ਸੰਭਲ ਵਿਚ ਪੱਤਰਕਾਰਾਂ ਨੂੰ ਕਿਹਾ, ‘ਜਿਥੇ ਤਕ ਯੋਗੀ ਜੀ, ਮੋਦੀ ਜੀ, ਮੋਹਨ ਭਾਗਵਤ ਜੀ ਦਾ ਸਬੰਧ ਹੈ ਤਾਂ ਇਨ੍ਹਾਂ ਦੇ ਬੱਚੇ ਹੈ ਹੀ ਨਹੀਂ, ਇਨ੍ਹਾਂ ਵਿਆਹ ਹੀ ਨਹੀਂ ਕੀਤਾ। ਦੱਸੋ ਸਾਰੇ ਹਿੰਦੁਸਤਾਨ ਦੇ ਬੱਚੇ ਪੈਦਾ ਕਰਨ ਨਹੀਂ ਦਿਉਗੇ ਤਾਂ ਕਲ ਨੂੰ ਕਿਸੇ ਦੂਜੇ ਮੁਲਕ ਨਾਲ ਮੁਕਾਬਲਾ ਕਰਨ ਦੀ ਲੋੜ ਪਈ ਤਾਂ ਲੋਕ ਕਿਥੋਂ ਆਉਣਗੇ? ਉਨ੍ਹਾਂ ਕਿਹਾ, ‘ਇਸਲਾਮ ਅਤੇ ਕੁਰਾਨ ਸ਼ਰੀਫ਼ ਵਿਚ ਇਹ ਸ਼ਬਦ ਹਨ ਇਸ ਦੁਨੀਆਂ ਨੂੰ ਅੱਲ੍ਹਾ ਨੇ ਬਣਾਇਆ ਹੈ ਅਤੇ ਜਿੰਨੀਆਂ ਰੂਹਾਂ ਅੱਲ੍ਹਾ ਨੇ ਪੈਦਾ ਕੀਤੀਆਂ ਹਨ, ਉਹ ਆਉਣੀਆਂ ਹਨ।’