24 ਘੰਟਿਆਂ ’ਚ 37676 ਨਵੇਂ ਮਰੀਜ਼ ਤੇ 720 ਦੀ ਕੋਰੋਨਾ ਨਾਲ ਮੌਤ
ਨਵੀਂ ਦਿੱਲੀ : ਕੋਰੋਨਾ ਜਿਸ ਦਾ ਅਸਲ ਨਾਮ ਕੋਵਿਡ-19 ਹੈ ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਰੋਜਾਨਾ ਇਸ ਦੀ ਮਾਰ ਘਟ ਰਹੀ ਹੈ। ਤਾਜÊਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ 37,676 ਨਵੇਂ ਮਰੀਜ਼ ਪਾਏ ਗਏ ਹਨ ਅਤੇ 720 ਵਿਅਕਤੀ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਇਕ ਦਿਨ ਪਹਿਲਾਂ ਯਾਨੀ ਐਤਵਾਰ ਨੂੰ, 41,506 ਨਵੇਂ ਮਰੀਜ਼ ਪਾਏ ਗਏ ਸਨ ਅਤੇ 895 ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਕੋਰੋਨਾ ਦੀ ਮਾਰ ਘਟਨ ਕਾਰਨ ਕਈ ਸੂਬਿਆਂ ਵਿਚ ਤਾਲਾਬੰਦੀ ਘਟਾਈ ਜਾ ਰਹੀ ਹੈ ਜਿਸ ਤਹਿਤ ਸਕੂਲ-ਕਾਲਜ, ਸ਼ਾਪਿੰਗ ਮਾਲ, ਦੁਕਾਨਾਂ, ਬਾਜ਼ਾਰਾਂ, ਜਿੰਮ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿਤੀ ਜਾ ਰਹੀ ਹੈ। ਇਥੇ ਇਹ ਵੀ ਦਸ ਦਈਏ ਕਿ ਦੇਸ਼ ਵਿਚ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸਦੇ ਕਮਜ਼ੋਰ ਹੋਣ ਨਾਲ ਕੇਂਦਰ ਸਰਕਾਰ ਨੇ ਤੀਜੀ ਲਹਿਰ ਦਾ ਖਦਸ਼ਾ ਜ਼ਾਹਰ ਕੀਤਾ ਹੈ। ਐਸਬੀਆਈ ਰਿਸਰਚ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤੀਜੀ ਲਹਿਰ ਅਗਸਤ ਵਿੱਚ ਆਵੇਗੀ। ਇਸ ’ਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦੀ ਪੀਕ ਸਤੰਬਰ ਵਿੱਚ ਆਵੇਗੀ। ਇਹ ਦੂਜੀ ਲਹਿਰ ਦੇ ਸਿਖਰ ਤੋਂ ਦੋ ਜਾਂ 1.7 ਗੁਣਾ ਹੋਵੇਗਾ। ਐਤਵਾਰ ਨੂੰ ਦੇਸ਼ ਵਿੱਚ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 3 ਕਰੋੜ ਨੂੰ ਪਾਰ ਕਰ ਗਈ। ਹੁਣ ਤੱਕ ਭਾਰਤ ਵਿਚ ਕੋਰੋਨਾ ਦੀਆਂ ਦੋ ਲਹਿਰਾਂ ਆ ਚੁੱਕੀਆਂ ਹਨ। ਦੂਜੀ ਲਹਿਰ ਪਹਿਲੇ ਨਾਲੋਂ ਵਧੇਰੇ ਮਾਰੂ ਸਾਬਤ ਹੋਈ। ਇਸ ਦੌਰਾਨ, ਭਾਰਤ ਨੂੰ ਵਿਸ਼ਵ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਨਵੇਂ ਕੇਸ ਮਿਲੇ ਹਨ। ਪਹਿਲੀ ਲਹਿਰ ਦੀ ਸਿਖਰ 16 ਸਤੰਬਰ 2020 ਨੂੰ ਆਈ। ਉਸ ਦਿਨ ਦੇਸ਼ ਵਿੱਚ ਕੁੱਲ 97,860 ਮਾਮਲੇ ਸਾਹਮਣੇ ਆਏ ਸਨ। ਦੂਜੀ ਲਹਿਰ 6 ਮਈ 2021 ਨੂੰ ਸਿਖਰ ’ਤੇ ਪਹੁੰਚ ਗਈ। ਉਸ ਦਿਨ ਦੇਸ਼ ਭਰ ਵਿੱਚ 4,14,280 ਨਵੇਂ ਕੇਸ ਸਾਹਮਣੇ ਆਏ ਸਨ।