ਨਵੀਂ ਦਿੱਲੀ : ਅਤਿ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਜਾਵੇਗੀ ਪਰ ਇਸ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਕਈ ਥਾਵਾਂ ਉਪਰ ਭਾਰੀ ਬਰਸਾਤ ਹੋ ਸਕਦੀ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੌਸਮ ਵਿਭਾਗ ਵੱਲੋਂ ਮਾਨਸੂਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਸਣੇ ਉੱਤਰ ਭਾਰਤ ਵਿੱਚ ਕਈ ਥਾਵਾਂ ’ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਦਰਅਸਲ 10 ਜੁਲਾਈ ਤੱਕ ਦੱਖਣ-ਪੱਛਮੀ ਮਾਨਸੂਨ ਦੇ ਦਿੱਲੀ ਸਣੇ ਉੱਤਰ ਭਾਰਤ ਵਿੱਚ ਦਸਤਕ ਦੇਣੀ ਸੀ, ਪਰ ਅਜਿਹਾ ਨਹੀਂ ਹੋਇਆ। ਇਸ ਸਬੰਧੀ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਮਾਨਸੂਨ ਦੇ ਦਿੱਲੀ ’ਤੇ ਸਰਗਰਮ ਰਹਿਣ ਦੇ ਅਨੁਕੂਲ ਹਾਲਾਤ ਹਨ, ਕਿਉਂਕਿ ਤੇਜ਼ ਹਵਾਵਾਂ ਕਾਰਨ ਹਵਾ ਵਿੱਚ ਨਮੀ ਵੱਧ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਗੁਜਰਾਤ ਖੇਤਰ, ਮੱਧ ਮਹਾਰਾਸ਼ਟਰ, ਤੱਟੀ ਆਂਧਰਾ ਪ੍ਰਦੇਸ਼ ਅਤੇ ਯਨਮ, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਪੁਡੂਚੇਰੀ ਸਣੇ ਕਈ ਥਾਵਾਂ ’ਤੇ ਤੇਜ਼ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਭਾਰੀ ਬਰਸਾਤ ਕਾਰਨ ਜਨ ਜੀਵਨ ਅਸਤ ਵਿਅਸਤ ਵੀ ਹੋ ਸਕਦਾ ਹੈ। ਇਥੇ ਇਹ ਵੀ ਦਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਮੌਸਮ ਵਿਭਾਗ ਵਾਰ ਵਾਰ ਭਵਿਖਬਾਣੀਆਂ ਕਰ ਰਿਹਾ ਹੈ ਪਰ ਦਰਅਸਲ ਉਸ ਤਰ੍ਹਾਂ ਹੋ ਨਹੀਂ ਰਿਹਾ ਜਿਸ ਤਰ੍ਹਾਂ ਵਿਭਾਗ ਦਸੀ ਜਾ ਰਿਹਾ ਹੈ।