ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੋਰੋਨਾ ਬਾਬਤ ਚੇਤਾਵਨੀ ਦਿਤੀ ਹੈ। ਸੰਸਥਾ ਨੇ ਕਿਹਾ ਹੈ ਕਿ ਤੀਜੀ ਲਹਿਰ ਨੇੜੇ ਹੈ ਅਤੇ ਅਜਿਹੇ ਵਿਚ ਟੂਰਿਜ਼ਮ ਅਤੇ ਧਾਰਮਕ ਯਾਤਰਾਵਾ ਕੁਝ ਮਹੀਨੇ ਰੋਕੇ ਜਾ ਸਕਦੇ ਹਨ। ਇਹ ਚੇਤਾਵਨੀ ਤਦ ਆਈ ਹੈ ਜਦ ਦੇਸ਼ ਦੇ ਕਈ ਹਿੱਸਿਆਂ ਵਿਚ ਅਨਲਾਕ ਕਰ ਦਿਤਾ ਗਿਆ ਹੈ ਅਤੇ ਸੈਰਗਾਹਾਂ ਵਿਚ ਲੋਕਾਂ ਦੀ ਭੀੜ ਜਮ੍ਹਾਂ ਹੋਣ ਲੱਗ ਪਈ ਹੈ। ਮੌਜੂਦਾ ਹਾਲਾਤ ਵਿਚ ਵੀ ਦੇਸ਼ ਵਿਚ ਜਿਸ ਤਰ੍ਹਾਂ ਲੋਕ ਖ਼ੁਸ਼ੀ ਪ੍ਰਗਟ ਕਰ ਰਹੇ ਹਨ, ਆਈਐਮਏ ਨੇ ਇਸ ਗੱਲ ’ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਚੇਤਾਵਨੀ ਭਰੇ ਲਫ਼ਜਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਹੁਣੇ ਹੀ ਭਿਆਨਕ ਦੂਜੀ ਲਹਿਰ ਤੋਂ ਬਾਹਰ ਆਇਆ ਹੈ ਅਤੇ ਇਸ ਪਿੱਛੇ ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਹਨ। ਸੰਸਥਾ ਨੇ ਥਾਂ ਥਾਂ ਭੀੜ ਨੂੰ ਵੇਖਦਿਆਂ ਪ੍ਰੈਸ ਬਿਆਨ ਜਾਰੀ ਕੀਤਾ ਹੈ। ਕਿਹਾ ਕਿ ਇਤਿਹਾਸ ਵਿਚ ਜਿੰਨੀਆਂ ਵੀ ਮਹਾਂਮਾਰੀਆਂ ਆਈਆਂ ਹਨ, ਉਨ੍ਹਾਂ ਨੂੰ ਵੇਖਿਆ ਜਾਵੇ ਤਾਂ ਇਹ ਸਾਫ਼ ਹੈ ਕਿ ਤੀਜੀ ਲਹਿਰ ਨੂੰ ਟਾਲਿਆ ਨਹੀਂ ਜਾ ਸਕਦਾ। ਇਹ ਬੇਹੱਦ ਕਰੀਬ ਹੈ। ਇਹ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਜਨਤਾ ਅਤੇ ਸਰਕਾਰ, ਦੋਵੇਂ ਹੀ ਲਾਪਰਵਾਹ ਹਨ। ਸਾਰੇ ਬਿਨਾਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੇ ਭੀੜ ਇਕੱਠਾ ਕਰਨ ਵਿਚ ਜੁਟੇ ਹਨ। ਇਸ ਹਾਲਾਤ ਵਿਚ ਸੈਰ ਸਪਾਟਾ, ਧਾਰਮਕ ਯਾਤਰਾਵਾਂ ਰੋਕੀਆਂ ਜਾ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੂੰ ਖੋਲ੍ਹਣਾ ਅਤੇ ਲੋਕਾਂ ਨੂੰ ਬਿਨਾਂ ਟੀਕਾਕਰਨ ਇਨ੍ਹਾਂ ਥਾਵਾਂ ’ਤੇ ਜਾਣ ਦੇਣਾ ਖ਼ਤਰਨਾਕ ਹੈ। ਇਹ ਕੋਰੋਨਾ ਦੀ ਤੀਜੀ ਲਹਿਰ ਲਈ ਸੁਪਰਸਪਰੈਡਰ ਬਣ ਸਕਦੇ ਹਨ। ਇਸ ਤਰ੍ਹਾਂ ਦੇ ਇਕੱਠਾਂ ਤੋਂ ਹੋਣ ਵਾਲੇ ਆਰਥਕ ਨੁਕਸਾਨ ਤੋਂ ਕਿਤੇ ਬਿਹਤਰ ਹੈ ਕਿ ਕੋਰੋਨਾ ਦੇ ਇਕ ਮਰੀਜ਼ ਦੇ ਇਲਾਜ ’ਤੇ ਹੋਣ ਵਾਲਾ ਆਰਥਕ ਨੁਕਸਾਨ। ਉਨ੍ਹਾਂ ਕਿਹਾ ਕਿ ਲੜਾਈ ਹਾਲੇ ਖ਼ਤਮ ਨਹੀਂ ਹੋਈ।