ਨਵੀਂ ਦਿੱਲੀ : ਕਾਂਗਰਸ ਪਟਰੌਲ ਅਤੇ ਡੀਜ਼ਲ, ਰਸੋਈ ਗੈਸ ਅਤੇ ਕਈ ਖਾਧ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਲਈ ਆਗਾਮੀ 15 ਜੁਲਾਈ ਤਕ ਦੇਸ਼ ਦੇ 23 ਸ਼ਹਿਰਾਂ ਵਿਚ ਪੱਤਰਕਾਰ ਸੰਮੇਲਨ ਕਰੇਗੀ। ਪਾਰਟੀ ਸੂਤਰਾਂ ਮੁਤਾਬਕ ਇਨ੍ਹਾਂ ਪੱਤਰਕਾਰ ਸੰਮੇਲਨਾਂ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਸੰਬੋਧਤ ਕਰਨਗੇ ਅਤੇ ਇਨ੍ਹਾਂ ਵਿਚ ਮਹਿੰਗਾਈ ਦੇ ਕਾਰਨ ਜਨਤਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਨ ਦੇ ਨਾਲ ਹੀ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਨੂੰ ਵੀ ਉਜਾਗਰ ਕਰਨਗੇ। ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਦਿੱਲੀ, ਕਮਲਨਾਥ ਲਖਨਊ, ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਅਤੇ ਪਾਰਟੀ ਦੇ ਕਈ ਹੋਰ ਆਗੂ ਅਤੇ ਬੁਲਾਰੇ ਵੱਖ ਵੱਖ ਸ਼ਹਿਰਾਂ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਨਗੇ। ਮਨੀਸ਼ ਤਿਵਾੜੀ, ਸਲਮਾਨ ਖ਼ੁਰਸ਼ੀਦ, ਆਨੰਦ ਸ਼ਰਮਾ, ਦਿਗਵਿਜੇ ਸਿੰਘ, ਸਚਿਨ ਪਾਇਲਟ ਅਤੇ ਹੋਰ ਆਗੂ ਵੀ ਵੱਖ ਵੱਖ ਸ਼ਹਿਰਾਂ ਵਿਚ ਪੱਤਰਕਾਰ ਸੰਮੇਲਨ ਕਰਨਗੇ। ਮਹਿੰਗਾਈ ਦੇ ਮਸਲੇ ’ਤੇ ਪਾਰਟੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਮਡਲ ਵਿਸਤਾਰ ਦੇ ਇਕ ਦਿਨ ਬਾਅਦ ਹੀ ਸੀਐਨਜੀ, ਪਟਰੌਲ ਅਤੇ ਡੀਜ਼ਲ ਮਹਿੰਗਾ ਹੋ ਗਿਆ। ਅੱਜ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਪਟਰੌਲ 100 ਰੁਪਏ ਅਤੇ 90 ਰੁਪਏ ਦੇ ਪਾਰ ਚਲਾ ਗਿਆ ਹੈ। ਭੁੱਖ ਘਰਾਂ ਦੀ ਦਹਿਲੀਜ਼ ’ਤੇ ਖੜੀ ਹੈ ਪਰ ਸਰਕਾਰ ਨੂੰ ਆਮ ਲੋਕਾਂ ਦੀ ਚਿੰਤਾ ਨਹੀਂ ਹੈ।