ਮਾਛੀਵਾੜਾ : ਸਥਾਨਕ ਇੰਦਰਾ ਕਾਲੋਨੀ ਵਾਸੀ ਅਮਨਦੀਪ ਸਿੰਘ (20) ਜੋ ਕਿ ਕਬੱਡੀ ਦਾ ਖਿਡਾਰੀ ਸੀ, ਉਸਦਾ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕਬੱਡੀ ਦਾ ਖਿਡਾਰੀ ਵੀ ਹੈ ਅਤੇ ਸ਼ਹਿਰ ’ਚ ਇੱਕ ਕਿਤਾਬਾਂ ਦੀ ਦੁਕਾਨ ’ਤੇ ਕੰਮ ਵੀ ਕਰਦਾ ਸੀ। 11 ਜੁਲਾਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਆਪਣੇ ਕੰਮ ’ਤੇ ਗਿਆ ਹੋਇਆ ਸੀ। ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਪੁਲੀਸ ਨੂੰ ਬਿਆਨ ਦਿੱਤਾ ਹੈ ਕਿ 11 ਜੁਲਾਈ ਨੂੰ ਬਾਅਦ ਦੁਪਹਿਰ ਫੋਨ ਆਇਆ ਕਿ ਅਮਨਦੀਪ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹ ਸਿਵਲ ਹਸਪਤਾਲ ਵਿੱਚ ਦਾਖਲ ਹੈ। ਉਥੋਂ ਉਸ ਨੂੰ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ, ਪਰ ਉਥੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਢਾਈ ਮਹੀਨੇ ਪਹਿਲਾਂ ਅਮਨਦੀਪ ਸਿੰਘ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਤੇ ਦੋ ਦਿਨ ਪਹਿਲਾਂ ਵੀ ਇਨ੍ਹਾਂ ਨੌਜਵਾਨਾਂ ਨਾਲ ਝੜਪ ਹੋਈ ਸੀ। ਇਸ ਰੰਜਿਸ਼ ਕਾਰਨ ਮੁਲਜ਼ਮਾਂ ਨੇ ਅਮਨਦੀਪ ਦਾ ਕਤਲ ਕਰ ਦਿੱਤਾ। ਬਿਆਨਕਰਤਾ ਅਨੁਸਾਰ ਇਹ ਲੜਾਈ ਅਢਿਆਣਾ ਰੋਡ ’ਤੇ ਸਥਿਤ ਸ਼ੈੱਲਰ ਨੇੜੇ ਹੋਈ, ਜਿੱਥੋਂ ਉਸ ਦੇ ਭਰਾ ਦੀਆਂ ਚੱਪਲਾਂ ਵੀ ਮਿਲੀਆਂ ਹਨ। ਬਿਆਨਕਰਤਾ ਅਨੁਸਾਰ ਗੈਰੀ ਰਾਜਗੜ੍ਹ, ਲਾਡੀ ਗਹਿਲੇਵਾਲ, ਇੰਦਰਾ ਗਹਿਲੇਵਾਲ, ਜੱਗੀ ਭਮਾਂ, ਸਾਦਿਕ ਸਮਰਾਲਾ ਤੋਂ ਇਲਾਵਾ ਹੋਰ ਕਈ ਅਣਪਛਾਤੇ ਵਿਅਕਤੀ ਹਨ, ਜਿਨ੍ਹਾਂ ਦਿਨ-ਦਿਹਾੜੇ ਅਮਨਦੀਪ ਸਿੰਘ ਦਾ ਕਤਲ ਕਰ ਦਿੱਤਾ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।