ਪਠਾਨਕੋਟ : ਦੇਸ਼ ਵਾਸੀ ਪਹਿਲਾਂ ਤਾਂ ਗਰਮੀ ਤੋਂ ਪ੍ਰੇਸ਼ਾਨ ਸਨ ਅਤੇ ਮਾਨਸੂਨ ਦਾ ਇੰਤਜਾਰ ਕਰ ਰਹੇ ਸਨ ਪਰ ਹੁਣ ਇਸ ਬਰਸਾਤ ਨੇ ਗਰਮੀ ਤੋਂ ਤਾਂ ਰਾਹਤ ਦੇ ਦਿਤੀ ਹੈ ਪਰ ਮੀਂਹ ਐਨਾ ਕੂ ਪੈ ਗਿਆ ਕਿ ਕਈ ਥਾਈ ਹੜ੍ਹ ਆ ਗਏ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਉੱਜ ਨਦੀ ਵਿੱਚ ਹੜ੍ਹ ਆ ਗਿਆ ਹੈ ਜਿਸ ਕਾਰਨ ਪੰਜਾਬ ਦੇ ਪਠਾਨਕੋਟ ਦੇ ਕਈ ਇਲਾਕਿਆਂ ਵਿਚ ਹੜ੍ਹ ਆਉਣ ਕਾਰਨ ਬੁਰਾ ਹਾਲ ਹੈ। ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਨਦੀ ਦਾ ਪਾਣੀ ਬਮਿਆਲ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਗਿਆ। ਇਸ ਵਿੱਚ ਹਜ਼ਾਰਾਂ ਏਕੜ ਵਿੱਚ ਝੋਨੇ ਦੀ ਫਸਲ ਡੁੱਬ ਗਈ ਅਤੇ ਗੁੱਜਰਾਂ ਦੇ ਪੰਜ ਡੇਰੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ, ਪ੍ਰਸ਼ਾਸਨ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਸਾਰੇ ਪ੍ਰਭਾਵਿਤਾਂ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ।
ਦਰਅਸਲ ਉੱਜ ਨਦੀ ਵਿੱਚ ਅਚਾਨਕ 1 ਲੱਖ 30 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨਹਿਰੀ ਵਿਭਾਗ ਵੱਲੋਂ ਜ਼ਮੀਨੀ ਕਟਾਅ ਰੋਕਣ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਛੋਟੇ ਅਤੇ ਵੱਡੇ ਨਾਲਿਆਂ ਦਾ ਪਾਣੀ ਉੱਜ ਵਿਚ ਸਮਾ ਗਿਆ। ਜਿਸ ਕਾਰਨ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ। ਦੱਸ ਦੇਈਏ ਕਿ ਉੱਜ ਨਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਗਦੀ ਹੈ। ਜਿਸ ਕਾਰਨ ਇਹ ਸੁਰੱਖਿਆ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਮੰਨੀ ਜਾਂਦੀ ਹੈ। ਪੁਲਿਸ ਅਤੇ ਬੀਐਸਐਫ ਨੇ ਨਦੀ ਦੇ ਕਿਨਾਰੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾ ਦਿੱਤਾ ਹੈ ਤਾਂ ਜੋ ਕੋਈ ਵੀ ਹੜ੍ਹਾਂ ਦਾ ਫਾਇਦਾ ਨਾ ਚੁੱਕ ਸਕੇ।