54 ਲੋਕਾਂ ਦੀ ਮੌਤ, 67 ਤੋਂ ਵੱਧ ਜ਼ਖ਼ਮੀ
ਬਗਦਾਦ : ਇਕ ਤਾਂ ਕੋਰੋਨਾ ਦਾ ਕਹਿਰ ਉਪਰੋਂ ਇਨ੍ਹਾ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਵਿਚ ਅੱਗ ਲੱਗ ਜਾਣਾ ਬਹੁਤ ਮਾੜੀ ਗੱਲ ਹੈ ਪਰ ਅਜਿਹਾ ਹੀ ਹੋਇਆ। ਦਰਅਸਲ ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ ‘ਚ ਆਕਸੀਜਨ ਟੈਂਕ ‘ਚ ਹੋਏ ਧਮਾਕੇ ਮਗਰੋਂ ਲੱਗੀ ਅੱਗ ‘ਚ ਘੱਟੋ-ਘੱਟ 54 ਲੋਕਾਂ ਦੀ ਮੌਤ ਅਤੇ 67 ਤੋਂ ਵੱਧ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਾਸੀਰੀਆ ਸ਼ਹਿਰ ਦੇ ਇਸ ਹਸਪਤਾਲ ਵਿਚ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋਈ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲੇ ਲੋਕ ਬੁਰੀ ਤਰ੍ਹਾਂ ਝੁਲਸ ਗਏ ਸਨ। ਉਨ੍ਹਾਂ ਦੱਸਿਆ ਕਿ ਅੱਗ ਇਲੈਕਟ੍ਰਾਨਿਕ ਸ਼ਾਰਟ ਸਰਕਟ ਕਾਰਨ ਲੱਗੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਅੱਗ ਆਕਸੀਜਨ ਸਿਲੰਡਰ ਫਟਣ ਕਾਰਨ ਲੱਗੀ। ਨਾਸੀਰਿਆ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਅਲ-ਹੁਸੈਨ ਕੋਵਿਡ ਹਸਪਤਾਲ ‘ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਪਰ ਸੰਘਣੇ ਧੂੰਏਂ ਕਾਰਨ ਸੜ ਚੁੱਕੇ ਕੁਝ ਵਾਰਡਾਂ ‘ਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ ਸੀ।ਸਿਹਤ ਮੰਤਰਾਲਾ ਨੇ ਅੱਗ ਲੱਗਣ ਦੇ ਕਾਰਨ ਦੇ ਬਾਰੇ ਵਿਚ ਕੁੱਝ ਨਹੀਂ ਕਿਹਾ ਹੈ। ਦੋ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿਚ ਇਹ ਵਾਰਡ 3 ਮਹੀਨੇ ਪਹਿਲਾਂ ਖੁੱਲ੍ਹਾ ਸੀ ਅਤੇ ਇਸ ਵਿਚ 70 ਬੈੱਡ ਸਨ। ਸਿਹਤ ਵਿਭਾਗ ਦੇ ਬੁਲਾਰੇ ਅਮਾਰ ਅਲ ਜਾਮਿਲੀ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਉਦੋਂ ਘੱਟ ਤੋਂ ਘੱਟ 63 ਮਰੀਜ਼ ਵਾਰਡ ਦੇ ਅੰਦਰ ਸਨ। ਇਰਾਕ ਦੇ ਕਿਸੇ ਹਸਪਤਾਲ ਵਿਚ ਇਸ ਸਾਲ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ, ਅਪ੍ਰੈਲ ਵਿਚ ਬਗਦਾਦ ਦੇ ਇਕ ਹਸਪਤਾਲ ‘ਚ ਆਕਸੀਜਨ ਟੈਂਕ ਫਟਣ ਕਾਰਨ ਅੱਗ ਲੱਗੀ ਸੀ ਅਤੇ ਉਦੋਂ ਘੱਟ ਤੋਂ ਘੱਟ 82 ਲੋਕਾਂ ਦੀ ਮੌਤ ਹੋ ਗਈ ਸੀ। ਇਥੇ ਇਹ ਵੀ ਦਸ ਦਈਏ ਕਿ ਕੋਰੋਨਾ ਵਾਇਰਸ ਨਾਲ ਇਸ ਦੇਸ਼ ‘ਚ 17,592 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.4 ਮਿਲੀਅਨ ਤੋਂ ਵੱਧ ਲੋਕ ਪੀੜਤ ਹੋਏ ਹਨ।