ਨਵੀਂ ਦਿੱਲੀ : ਰਾਫ਼ੇਲ ਸੌਦੇ ਨਾਲ ਜੁੜਿਆ ਵਿਵਾਦ ਮੁੜ ਉਭਰਨ ਲੱਗਾ ਹੈ। ਭਾਰਤ ਨੂੰ 36 ਰਾਫ਼ੇਲ ਫ਼ਾਈਟਰ ਜਹਾਜ਼ ਵੇਚੇ ਜਾਣ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਨਾਲ ਜੁੜੇ ਦੋਸ਼ਾਂ ਦੀ ਨਿਆਇਕ ਜਾਂਚ ਫ਼ਰਾਂਸ ਵਿਚ ਸ਼ੁਰੂ ਹੋ ਚੁਕੀ ਹੈ। 14 ਜੂਨ ਤੋਂ ਸ਼ੁਰੂ ਹੋਈ ਇਸ ਜਾਂਚ ਦੀ ਨਿਗਰਾਨੀ ਸੁਤੰਤਰ ਜੱਜ ਕਰ ਰਹੇ ਹਨ। ਦੋਸ਼ ਹੈ ਕਿ ਰਾਫ਼ੇਲ ਜਹਾਜ਼ ਬਣਾਉਣ ਵਾਲੀ ਕੰਪਨੀ ਦਸਾ ਏਵੀਏਸ਼ਨ ਨੇ ਭਾਰਤ ਤੋਂ ਇਹ ਠੇਕਾ ਹਾਸਲ ਕਰਨ ਲਈ ਕਿਸੇ ਵਿਚੋਲੇ ਨੂੰ ਰਿਸ਼ਵਤ ਵਜੋਂ ਮੋਟੀ ਰਕਮ ਦਿਤੀ। ਫ਼ਰਾਂਸ ਇਹ ਪਤਾ ਲਾ ਰਿਹਾ ਹੈ ਕਿ ਇਹ ਪੈਸਾ ਪਾਰਤੀ ਅਧਿਕਾਰੀਆਂ ਤਕ ਪਹੁੰਚਿਆ ਸੀ ਜਾਂ ਨਹੀਂ। ਦੋਸ਼ ਤਾਂ ਇਹ ਵੀ ਹੈ ਕਿ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਏਵੀਏਸ਼ਨ ਨੂੰ ਡੀਲ ਦਿਵਾਉਣ ਲਈ ਦਬਾਅ ਪਾਇਆ। ਫ਼ਰਾਂਸ ਇਸ ਦੀ ਵੀ ਜਾਂਚ ਕਰ ਰਿਹਾ ਹੈ। ਇਹ ਗੁਪਤ ਜਾਂਚ ਫ਼ਰਾਂਸ ਵਿਚ ਖੋਜੀ ਪੱਤਰਕਾਰੀ ਕਰਨ ਵਾਲੇ ਮੀਡੀਆ ਅਦਾਰੇ ‘ਮੀਡੀਅਪਾਰ’ ਦੀਆਂ ਰਾਫ਼ੇਲ ਸੌਦੇ ਸਬੰਧੀ ਅਹਿਮ ਰੀਪੋਰਟਾਂ ਕਾਰਨ ਸ਼ੁਰੂ ਹੋਈ ਹੈ। ਫ਼ਰਾਂਸ ਦੀ ਗ਼ੈਰ ਸਰਕਾਰੀ ਸੰਸਥਾ ਨੇ ਵੀ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁਕਿਆ ਸੀ। 36 ਜਹਾਜ਼ਾਂ ਵਿਚੋਂ 24 ਭਾਰਤ ਆ ਚੁਕੇ ਹਨ। ਚੱਲ ਰਹੀ ਜਾਂਚ ਦੇ ਨਤੀਜੇ ਦੋਹਾਂ ਦੇਸ਼ਾਂ ਵਿਚ ਸਿਆਸੀ ਭੂਚਾਲ ਲਿਆ ਸਕਦੇ ਹਨ। ਮੀਡੀਆ ਅਦਾਰੇ ਨੇ ਤਿੰਨ ਸਾਲ ਪਹਿਲਾਂ ਭਾਰਤੀ ਮੀਡੀਆ ਵਿਚ ਆਈਆਂ ਖ਼ਬਰਾਂ ਦੇ ਬਾਅਦ ਫ਼ਰਾਂਸ ਵਿਚ ਅਪਣੀ ਜਾਂਚ ਸ਼ੁਰੂ ਕੀਤੀ ਸੀ। ਉਂਜ ਫ਼ਰਾਂਸ ਵਿਚ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸੌਦਾ ਵਿਵਾਦਾਂ ਵਿਚ ਆ ਗਿਆ ਸੀ।