ਕੈਂਪ ਇਸਤਕਲਾਲ: ਉਤਰੀ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਸਰਗਰਮੀ ਵਧਣ ਕਾਰਨ ਹਜ਼ਾਰਾਂ ਲੋਕ ਅਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਇਨ੍ਹਾਂ ਹਜ਼ਾਰਾਂ ਲੋਕਾਂ ਵਿਚੋਂ ਹੀ ਇਕ ਹੈ 11 ਜਾਂ ਸ਼ਾਇਦ 12 ਸਾਲਾ ਸਕੀਨਾ ਜਿਸ ਨੂੰ ਤਾਲਿਬਾਨ ਨੇ ਉਸ ਦੇ ਪਿੰਡ ’ਤੇ ਕਬਜ਼ਾ ਕਰਨ ਅਤੇ ਸਥਾਨਕ ਸਕੂਲ ਨੂੰ ਤਾਲਾ ਲਾਉਣ ਦੇ ਬਾਅਦ ਅਪਣੇ ਪਰਵਾਰ ਨਾਲ ਅਪਣਾ ਘਰ ਛੱਡਣਾ ਪਿਆ ਹੈ। ਦੇਸ਼ ਦੇ ਉਤਰੀ ਹਿੱਸੀ ਵਿਚ ਪੈਂਦੇ ਮਜ਼ਾਰ ਏ ਸ਼ਰੀਫ਼ ਵਿਚ ਚੱਟਾਨ ’ਤੇ ਬਣੇ ਆਰਜ਼ੀ ਕੈਂਪ ਵਿਚ ਅਜਿਹੇ ਕਰੀਬ 50 ਮਜਬੂਰ ਪਰਵਾਰ ਰਹਿ ਰਹੇ ਹਨ। ਉਹ ਪਲਾਸਟਿਕ ਦੇ ਟੈਂਟ ਵਿਚ ਤਿੱਖੀ ਗਰਮੀ ਵਿਚ ਰਹਿੰਦੇ ਹਨ ਜਿਥੇ ਦੁਪਹਿਰ ਸਮੇਂ ਪਾਰਾ 44 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਇਸ ਥਾਂ ’ਤੇ ਇਕ ਵੀ ਦਰੱਖ਼ਤ ਨਹੀਂ ਹੈ ਅਤੇ ਪੂਰੇ ਕੈਂਪ ਲਈ ਕੇਵਲ ਇਕ ਪਖ਼ਾਨਾ ਹੈ। ਉਹ ਗੰਦਾ ਜਿਹਾ ਤੰਬੂ ਹੈ ਜੋ ਇਕ ਖੱਡੇ ’ਤੇ ਬਣਿਆ ਹੈ ਜਿਸ ਵਿਚ ਕਾਫ਼ੀ ਮੁਸ਼ਕ ਆਉਂਦੀ ਹੈ। ਸਰਕਾਰ ਦੇ ਸ਼ਰਨਾਰਥੀ ਮੰਤਰਾਲੇ ਮੁਤਾਬਕ ਤਾਲਿਬਾਨ ਦੀਆਂ ਗਤੀਵਿਧੀਆਂ ਵਧਣ ਕਾਰਨ ਪਿਛਲੇ 15 ਦਿਨਾਂ ਵਿਚ 56000 ਤੋਂ ਵੱਧ ਪਰਵਾਰ ਅਪਣਾ ਘਰ ਛੱਡਣ ਲਈ ਮਜਬੂਰ ਹੋਏ ਜਿਨ੍ਹਾਂ ਵਿਚੋਂ ਬਹੁਤੇ ਦੇਸ਼ ਦੇ ਉਤਰੀ ਹਿੱਸੇ ਤੋਂ ਹਨ। ਕੈਂਪ ਵਿਚ ਇਕ ਦੇ ਬਾਅਦ ਇਕ ਪਰਵਾਰ ਨੇ ਤਾਲਿਬਾਨੀ ਕਮਾਂਡਰ ਦੁਆਰਾ ਭਾਰੀ ਹੱਥਕੰਡੇ ਅਪਣਾਉਣ ਦੀ ਗੱਲ ਦੱਸੀ ਜਿਨ੍ਹਾਂ ਉਨ੍ਹਾਂ ਦੇ ਕਸਬਿਆਂ ਅਤੇ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿਚੋਂ ਬਹੁਤੇ ਜਾਤੀਗਤ ਘੱਟਗਿਣਤੀਆਂ ਨਾਲ ਸਬੰਧਤ ਹਨ। ਤਾਲਿਬਾਨ ਨੇ ਕਿਹਾ ਸੀ ਕਿ ਉਹ ਅਤੀਤ ਦੇ ਅਪਣੇ ਸਖ਼ਤ ਸ਼ਾਸਨ ਨੂੰ ਨਹੀਂ ਦੁਹਰਾਏਗਾ ਪਰ ਉਸ ਦੀਆਂ ਹਰਕਤਾਂ ’ਤੇ ਸਵਾਲ ਖੜੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਫ਼ੌਜਾਂ 20 ਸਾਲਾਂ ਮਗਰੋਂ ਇਸ ਸਾਲ ਅਗਸਤ ਤਕ ਇਸ ਦੇਸ਼ ਨੂੰ ਛੱਡ ਕੇ ਚਲੀਆਂ ਜਾਣਗੀਆਂ।