ਲਦਾਖ਼: ਦੇਸ਼ ਦੀ ਸਭ ਤੋਂ ਵੱਡੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਜੈਮਯਾਂਗ ਸੇਰਿੰਗ ਨਾਮਗਿਆਲ ਨੇ ਸੈਲਾਨੀਆਂ ਦੁਆਰਾ ਲਦਾਖ਼ ਵਿਚ ਫੈਲਾਏ ਜਾਣ ਵਾਲੇ ਕੂੜੇ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿਟਰ ਜ਼ਰੀਏ ਸੈਲਾਨੀਆਂ ਨੂੰ ਬੇਨਤੀ ਕੀਤੀ ਕਿ ਅਪਣੇ ਸਮੇਂ ਦਾ ਪੂਰਾ ਆਨੰਦ ਲੈਣ ਪਰ ਕ੍ਰਿਪਾ ਕਰ ਕੇ ਕੂੜਾ ਨਾ ਫੈਲਾਉਣ। ਉਨ੍ਹਾਂ ਸਭ ਤੋਂ ਪਹਿਲਾਂ ਲਦਾਖ਼ ਵਿਚ ਸੈਲਾਨੀਆਂ ਦਾ ਸਵਾਗਤ ਕੀਤਾ ਅਤੇ ਫਿਰ ਬੇਨਤੀ ਕੀਤੀ ਕਿ ਤੁਸੀਂ ਅਪਣੇ ਸਮੇਂ ਦਾ ਪੂਰਾ ਆਨੰਦ ਲਉ ਪਰ ਕ੍ਰਿਪਾ ਕਰ ਕੇ ਇਥੇ ਕੂੜਾ ਨਾ ਸੁੱਟੋ। ਇਹ ਸਾਡਾ ਘਰ ਹੈ, ਤੁਹਾਡਾ ਕੂੜੇਦਾਨ ਨਹੀਂ। ਲਦਾਖ਼ ਦੀ ਖ਼ੁਸ਼ਹਾਲ ਸੰਸਕ੍ਰਿਤੀ, ਸੁੰਦਰ ਕੁਦਰਤ ਅਤੇ ਰੌਸ਼ਨ ਭਵਿੱਖ ਦਾ ਸਨਮਾਨ ਕਰੋ। ਇਸ ਨੂੰ ਹਮੇਸ਼ਾ ਅਪਣੇ ਦਿਲ ਤੇ ਦਿਮਾਗ਼ ਵਿਚ ਰੱਖੋ। ਕੋਵਿਡ ਪਾਬੰਦੀਆਂ ਵਿਚ ਛੋਟ ਮਿਲਣ ਮਗਰੋਂ ਸੈਰਗਾਹਾਂ ਵਿਚ ਸੈਲਾਨੀਆਂ ਦੀ ਭੀੜ ਲਗਾਤਾਰ ਵਧ ਰਹੀ ਹੈ ਜਿਨ੍ਹਾਂ ਵਿਚ ਹਿਮਾਚਲ ਪ੍ਰਦੇਸ਼, ਉਤਰਾਖੰਡ, ਲਦਾਖ਼ ਦੀਆਂ ਪਹਾੜੀਆਂ ਸ਼ਾਮਲ ਹਨ। ਬੀਤੇ ਦਿਨੀਂ ਹਿਮਾਚਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਥੇ ਸੈਲਾਨੀਆਂ ਨੇ ਥਾਂ ਥਾਂ ’ਤੇ ਕੂੜਾ ਸੁੱਟਿਆ ਹੋਇਆ ਸੀ। ਸਥਾਨਕ ਨੌਜਵਾਨ ਨੇ ਦਸਿਆ ਕਿ ਸੈਲਾਨੀਆਂ ਨੂੰ ਸਮਝ ਹੋਣੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ। ਲੋਕ ਚੀਜ਼ਾਂ ਦੀ ਵਰਤੋਂ ਕਰ ਕੇ ਸੁੱਟ ਦਿੰਦੇ ਹਨ। ਜ਼ਿਕਰਯੋਗ ਹੈ ਕਿ ਲਦਾਖ਼ ਵਿਚ ਬੀਤੇ ਦਿਨੀਂ ਕਿਸੇ ਫ਼ਿਲਮ ਦੀ ਸ਼ੂਟਿੰਗ ਹੋਈ ਸੀ ਪਰ ਸ਼ੂਟਿੰਗ ਮਗਰੋਂ ਕੂੜਾ ਉਥੇ ਹੀ ਪਿਆ ਰਿਹਾ ਜਿਸ ਕਾਰਨ ਲੋਕ ਕਾਫ਼ੀ ਗੁੱਸੇ ਵਿਚ ਹਨ।