ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਉ ਉਲੰਪਿਕ ਵਿਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਟੁਕੜੀ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਮੋਦੀ ਨੇ ਕਿਹਾ ਕਿ ਪੂਰਾ ਭਾਰਤ ਉਨ੍ਹਾਂ ਨਾਲ ਹੈ ਅਤੇ ਉਮੀਦਾਂ ਦੇ ਬੋਝ ਹੇਠਾਂ ਦਬਣ ਦੀ ਲੋੜ ਨਹੀਂ ਹੈ। ਮੋਦੀ ਨੇ ਕਿਹਾ ਕਿ ਜਾਪਾਨ ਵਿਚ ਖੁਲ੍ਹ ਕੇ ਖੇਡਣ ਸਾਰੇ ਖਿਡਾਰੀ। ਟੋਕੀਉ ਉਲੰਪਿਕ ਵਿਚ ਜਾਣ ਵਾਲੇ ਖਿਡਾਰੀਆਂ ਨਾਲ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਕੋਰੋਨਾ ਨੇ ਬਹੁਤ ਕੁਝ ਬਦਲ ਦਿਤਾ, ਉਲੰਪਿਕ ਦਾ ਸਾਲ ਬਦਲ ਗਿਆ, ਤੁਹਾਡੀਆਂ ਤਿਆਰੀਆਂ ਦਾ ਤਰੀਕਾ ਬਦਲ ਗਿਆ। ਟੋਕੀਉ ਵਿਚ ਤੁਹਾਨੂੰ ਵੱਖਰੀ ਤਰ੍ਹਾਂ ਦਾ ਮਾਹੌਲ ਮਿਲੇਗਾ। ਮੋਦੀ ਨਾਲ ਗੱਲਬਾਤ ਵਿਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਵਿਚ ਮੈਰੀਕਾਮ, ਸਾਨੀਆ ਮਿਰਜ਼ਾ, ਦੀਪਕਾ ਕੁਮਾਰੀ, ਪ੍ਰਵੀਣ ਜਾਧਵ, ਨੀਰਜ ਚੋਪੜਾ ਸ਼ਾਮਲ ਸਨ। ਦੁਤੀ ਚੰਦ, ਪੀ ਵੀ ਸਿੰਧੂ, ਸੌਰਭ ਚੌਧਰੀ, ਮਨਪ੍ਰੀਤ ਸਿੰਘ, ਮਨਿਕਾ ਬੱਤਰਾ ਜਿਹੇ ਖਿਡਾਰੀ ਵੀ ਗੱਲਬਾਤ ਵਿਚ ਸ਼ਾਮਲ ਰਹੇ। ਮੋਦੀ ਨੇ ਹਾਲ ਹੀ ਵਿਚ ਭਾਰਤੀ ਖਿਡਾਰੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਸੀ। ਉਨ੍ਹਾਂ ਅਪਣੇ ਰੇਡੀਉ ਪ੍ਰੋਗਰਾਮ ਵਿਚ ਕੁਝ ਖਿਡਾਰੀਆਂ ਦੀਆਂ ਪ੍ਰੇਰਨਾਦਾਇਕ ਯਾਤਰਾਵਾਂ ਦਾ ਜ਼ਿਕਰ ਵੀ ਕੀਤਾ ਸੀ। 18 ਖੇਡਾਂ ਦੇ 126 ਖਿਡਾਰੀ ਭਾਰਤ ਵਲੋਂ ਟੋਕੀਉ ਜਾਣਗੇ ਜੋ ਭਾਰਤ ਵਲੋਂ ਕਿਸੇ ਵੀ ਉਲੰਪਿਕ ਵਿਚ ਜਾਣ ਵਾਲੇ ਖਿਡਾਰੀਆਂ ਦੀ ਹੁਣ ਤਕ ਦੀ ਸਭ ਤੋਂ ਵੱਧ ਗਿਣਤੀ ਹੈ।