ਪਣਜੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੋਆ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਗੋਆ ਵਿਚ ਹਰ ਪਰਵਾਰ ਨੂੰ ਪ੍ਰਤੀ ਮਹੀਨਾ 300 ਯੂਨਿਟ ਤਕ ਮੁਫ਼ਤ ਬਿਜਲੀ ਮਿਲੇਗੀ। ਗੋਆ ਦੀ 40 ਮੈਂਬਰੀ ਵਿਧਾਨ ਸਭਾ ਲਈ ਅਗਲੇ ਸਾਲ ਫ਼ਰਵਰੀ ਵਿਚ ਚੋਣਾਂ ਹੋਣੀਆਂ ਹਨ। ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ, ‘ਹਰ ਪਰਵਾਰ ਨੂੰ ਪ੍ਰਤੀ ਮਹੀਨਾ 300 ਯੂਨਿਟ ਤਕ ਬਿਜਲੀ ਮੁਫ਼ਤ ਮਿਲੇਗੀ। ਜੇ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਸਕਦੀ ਹੈ ਤਾਂ ਗੋਆ ਦੇ ਲੋਕਾਂ ਨੂੰ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਗੋਆ ਦੇ ਬਿਜਲੀ ਸਰਪਲੱਸ ਰਾਜ ਹੋਣ ਦੇ ਬਾਵਜੂਦ, ਤੱਟੀ ਰਾਜ ਵਿਚ ਅਕਸਰ ਬਿਜਲੀ ਕਟੌਤੀ ਹੁੰਦੀ ਹੈ। ਕੇਜਰੀਵਾਲ ਨੇ ਉਨ੍ਹਾਂ ਵਿਧਾਇਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਿਹੜੇ ਗੋਆ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਨੂੰ ਵਿਰੋਧੀ ਧਿਰ ਵਿਚ ਹੋਣਾ ਚਾਹੀਦਾ ਹੈ, ਉਹ ਸੱਤਾ ਵਿਚ ਹਨ ਅਤੇ ਜਿਨ੍ਹਾਂ ਨੂੰ ਸੱਤਾ ਵਿਚ ਹੋਣਾ ਚਾਹੀਦਾ ਸੀ, ਉਹ ਹੁਣ ਵਿਰੋਧੀ ਧਿਰ ਵਿਚ ਹਨ। ਮੁੱਖ ਮੰਤਰੀ ਨੇ ਕਿਹਾ, ‘ਪਾਰਟੀ ਬਦਲਣ ਵਾਲੇ ਇਨ੍ਹਾਂ ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਉਹ ਲੋਕਾਂ ਦੇ ਕੰਮ ਪੂਰੇ ਕਰਵਾਉਣ ਲਈ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਕੀ ਉਨ੍ਹਾਂ ਨੇ ਅਜਿਹਾ ਕੀਤਾ ਜਿਵੇਂ ਉਨ੍ਹਾਂ ਦਾਅਵਾ ਕੀਤਾ ਸੀ। ਹੁਣ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਪੈਸਿਆਂ ਦੇ ਲਾਲਚ ਵਿਚ ਪਾਰਟੀ ਬਦਲੀ।