ਨਵੀਂ ਦਿੱਲੀ : ਭਾਜਪਾ ਵਲੋਂ ਸਾਬਕਾ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਰਾਜ ਸਭਾ ਦਾ ਨੇਤਾ ਸਦਨ ਬਣਾਇਆ ਗਿਆ ਹੈ। ਗੋਇਲ ਥਾਵਰਚੰਦ ਗਹਿਲੋਤ ਦੀ ਥਾਂ ਲੈਣਗੇ। ਥਾਵਰਚੰਦ ਗਹਿਲੋਤ ਨੂੰ ਰਾਜਪਾਲ ਬਣਾਏ ਜਾਣ ਮਗਰੋਂ ਇਹ ਅਹੁਦਾ ਖ਼ਾਲੀ ਪਿਆ ਸੀ। ਜ਼ਿਕਰਯੋਗ ਹੈ ਕਿ ਰਾਜ ਸਭਾ ਵਿਚ ਨੇਤਾ ਲਈ ਭੁਪਿੰਦਰ ਯਾਦਵ, ਨਿਰਮਲਾ ਸੀਤਾਰਮਣ ਅਤੇ ਮੁਖ਼ਤਾਰ ਅਬਾਸ ਨਕਵੀ ਦਾ ਵੀ ਨਾਮ ਅੱਗੇ ਚੱਲ ਰਿਹਾ ਸੀ। ਰਾਜ ਸਭਾ ਵਿਚ ਪੀਯੂਸ਼ ਗੋਇਲ ਦੀ ਸੀਟ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਵੇਗੀ। ਗੋਇਲ 2010 ਤੋਂ ਰਾਜ ਸਭਾ ਦੇ ਮੈਂਬਰ ਹਨ। ਰਾਜ ਸਭਾ ਵਿਚ ਹੁਣ ਤਕ ਸਰਕਾਰ ਲਈ ਅੰਕੜਿਆਂ ਨੂੰ ਜੁਟਾਉਣ ਦਾ ਕੰਮ ਗੋਇਲ ਕਰਦੇ ਰਹੇ ਹਨ। ਥਾਵਰਚੰਦ ਗਹਿਲੋਤ ਤੋਂ ਪਹਿਲਾਂ ਨੇਤਾ ਸਦਨ ਦੀ ਜ਼ਿੰਮੇਵਾਰੀ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਸੰਭਾਲ ਰਹੇ ਸਨ। ਰਾਜ ਸਭਾ ਵਿਚ ਨੇਤਾ ਸਦਨ ਦੀ ਭੂਮਿਕਾ ਕਈ ਵੱਡੇ ਆਗੂਆਂ ਨੇ ਨਿਭਾਈ ਹੈ। ਪਿਛਲੇ ਦਿਨੀਂ ਕਈ ਕੇਂਦਰੀ ਮੰਤਰੀਆਂ ਦੇ ਅਸਤੀਫ਼ੇ ਲੈ ਲਏ ਗਏ ਸਨ ਅਤੇ ਉਨ੍ਹਾਂ ਦੀ ਥਾਂ ਹੋਰ ਭਾਜਪਾ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਗੋਇਲ ਤੋਂ ਵੀ ਅਸਤੀਫ਼ਾ ਲਿਆ ਗਿਆ ਸੀ ਪਰ ਹੁਣ ਉਨ੍ਹਾਂ ਦੀ ਤਰੱਕੀ ਹੋ ਗਈ ਹੈ।