ਨਵੀਂ ਦਿੱਲੀ : ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਮੁੜ ਵਧਣ ਲੱਗੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਵੈਕਸੀਨ ਲੱਗ ਚੁੱਕੀ ਹੈ। ਕੁਝ ਦੇਸ਼ਾਂ ਨੇ ਤਾਂ ਅਨਲਾਕ ਦੀਆਂ ਅਪਣੀਆਂ ਕੋਸ਼ਿਸ਼ਾਂ ’ਤੇ ਬ੍ਰੇਕ ਲਾ ਕੇ ਮੁੜ ਸਖ਼ਤ ਰੋਕਾਂ ਲਾਉਣ ਦੀ ਸ਼ੁਰੂਆਤ ਕਰ ਦਿਤੀ ਹੈ। ਫ਼ਾਈਜਰ, ਮਾਡਰਨਾ ਜਿਹੀਆਂ ਵੈਕਸੀਨ ਕੰਪਨੀਆਂ ਵੀ ਦੋ ਖ਼ੁਰਾਕਾਂ ਦੇ ਬਾਅਦ ਹੁਣ ਬੂਸਟਰ ਡੋਜ਼ ਦੀ ਤਿਆਰੀ ਕਰ ਰਹੀਆਂ ਹਨ। ਭਾਰਤ ਵਿਚ ਸਿਰਫ਼ 5 ਫ਼ੀਸਦੀ ਆਬਾਦੀ ਨੂੰ ਹੀ ਦੋਵੇਂ ਟੀਕੇ ਲੱਗੇ ਹਨ ਪਰ ਲਾਪਰਵਾਹੀ ਵੀ ਕਈ ਗੁਣਾਂ ਵੱਧ ਗਈ ਹੈ। ਉਤਰਾਖੰਡ ਅਤੇ ਹਿਮਾਚਲ ਦੀਆਂ ਦਿਲ ਕੰਬਾਊ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਦਿਸ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਕੋਵਿਡ ਰੋਕਣ ਦੇ ਉਪਾਅ ਨਹੀਂ ਕੀਤੇ ਗਏ ਅਤੇ ਭੀੜ ਇਸੇ ਤਰ੍ਹਾਂ ਵਧਦੀ ਗਈ ਤਾਂ ਕੋਰੋਨਾ ਦੀ ਤੀਜਰੀ ਲਹਿਰ ਸਮੇਂ ਤੋਂ ਪਹਿਲਾਂ ਆ ਸਕਦੀ ਹੈ। ਇੰਗਲੈਂਡ ਵਿਚ 51 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਦੋ ਖ਼ੁਰਾਕਾਂ ਅਤੇ 68 ਫ਼ੀਸਦੀ ਆਬਾਦੀ ਨੂੰ ਘੱਟੋ ਘੱਟ ਇਕ ਟੀਕਾ ਲੱਗ ਚੁਕਾ ਹੈ। ਇਸ ਦੇ ਬਾਅਦ ਹੀ ਸਰਕਾਰ ਨੇ 19 ਜੁਲਾਈ ਤੋਂ ਤਾਲਾਬੰਦੀ ਵਿਚ ਢਿੱਲ ਦੇਣ ਦੀ ਤਿਆਰੀ ਕੀਤੀ ਸੀ। ਪਰ ਨਵੇਂ ਕੇਸ ਆਉਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਹਫ਼ਤੇ ਹਰ 10 ਲੱਖ ਦੀ ਆਬਾਦੀ ’ਤੇ 410 ਨਵੇਂ ਕੇਸ ਮਿਲੇ। ਸ਼ੁਕਰਵਾਰ ਨੂੰ ਯੂਕੇ ਵਿਚ 35 ਹਜ਼ਾਰ ਤੋਂ ਵੀ ਵੱਧ ਨਵੇਂ ਕੇਸ ਸਾਹਮਣੇ ਆਏ ਸਨ ਜੋ 5 ਮਹੀਨੇ ਵਿਚ ਸਭ ਤੋਂ ਜ਼ਿਆਦਾ ਸਨ। ਪਿਛਲੇ 5 ਦਿਨਾਂ ਵਿਚ ਲਗਾਤਾਰ 30 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ ਹਨ। ਜੇ ਤਾਲਾਬੰਦੀ ਵਿਚ ਢਿੱਲ ਦਿਤੀ ਗਈ ਤਾਂ ਹਾਲਾਤ ਸੁਧਰਣ ਦੀ ਬਜਾਏ ਵਿਗੜ ਜਾਣਗੇ।