ਇਸਲਾਮਾਬਾਦ : ਪਾਕਿਸਤਾਨ ਦੇ ਹਿੰਸਾ ਪ੍ਰਭਾਵਤ ਖੈਬਰ ਪਖਤੂਨਖਵਾਂ ਪ੍ਰਾਂਤ ਵਿਚ ਚੀਨ ਦੇ ਇੰਜਨੀਅਰਾਂ ਨੂੰ ਲਿਜਾ ਰਹੀ ਬੱਸ ’ਤੇ ਹੋਏ ਭਿਆਨਕ ਬੰਬ ਹਮਲੇ ਵਿਚ ਹੁਣ ਤਕ 9 ਚੀਨੀ ਇੰਜਨੀਅਰ ਅਤੇ ਤਿੰਨ ਪਾਕਿਸਤਾਨੀ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜੀਆਨ ਨੇ ਕਿਹਾ ਕਿ ਇਸ ਹਮਲੇ ਕਾਰਨ ਉਹ ਸਦਮੇ ਵਿਚ ਹਨ ਅਤੇ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ। ਚੀਨੀ ਬੁਲਾਰੇ ਨੇ ਇਮਰਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਅਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਈਮਾਨਦਾਰੀ ਨਾਲ ਚੀਨ ਦੇ ਨਾਗਰਿਕਾਂ ਅਤੇ ਪ੍ਰਾਜੈਕਟਾਂ ਦੀ ਰਖਿਆ ਕੀਤੀ ਜਾਵੇ। ਪਾਕਿਸਤਾਨ ਨੇ ਪਹਿਲਾਂ ਇਸ ਘਟਨਾ ਨੂੰ ਹਾਦਸਾ ਦੱਸ ਕੇ ਲੁਕਾਉਣ ਦਾ ਯਤਨ ਕੀਤਾ ਪਰ ਚੀਨੀ ਦੂਤਘਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਬੰਬ ਹਮਲਾ ਸੀ। ਇਸ ਦੇ ਬਾਅਦ ਇਮਰਾਨ ਖ਼ਾਨ ਦੇ ਸੰਸਦੀ ਸਲਾਹਕਾਰ ਬਾਬਰ ਅਵਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਚੀਨੀ ਨਾਗਰਿਕਾਂ ’ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀ। ਅਵਾਨ ਨੇ ਇਸ ਨੂੰ ਕਾਇਰਾਨਾ ਹਮਲਾ ਕਰਾਰ ਦਿਤਾ। ਪਾਕਿਸਤਾਨ ਸਰਕਾਰ ਨੇ ਉਚ ਪਧਰੀ ਵਫਦ ਉਪਰੀ ਕੋਹਿਸਤਾਨ ਰਵਾਨਾ ਕਰ ਦਿਤਾ ਹੈ। ਇਨ੍ਹਾਂ ਸਾਰੇ ਇੰਜਨੀਅਰਾਂ ਨੂੰ ਸਥਾਨਕ ਪਣ ਬਿਜਲੀ ਪ੍ਰਾਜੈਕਟ ਦੇ ਨਿਰਮਾਣ ਲਈ ਲਿਜਾਇਆ ਜਾ ਰਿਹਾ ਸੀ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਚੀਨੀ ਨਾਗਰਿਕਾਂ ਦੀ ਰਾਖੀ ਲਈ ਵੱਡੇ ਪੱਧਰ ’ਤੇ ਸੁਰੱਖਿਆ ਮੁਲਾਜ਼ਮ ਤੈਨਾਤ ਹਨ। ਇਹ ਹਮਲਾ ਸਵੇਰੇ ਸਾਢੇ ਸੱਤ ਵਜੇ ਹੋਇਆ। ਚੀਨ ਅਰਬਾਂ ਡਾਲਰ ਦੀ ਸੀਪੀਈਸੀ ਯੋਜਨਾ ਤਹਿਤ ਪਾਕਿਸਤਾਨ ਵਿਚ ਕਈ ਪ੍ਰਾਜੈਕਟ ਲਾ ਰਿਹਾ ਹੈ। ਸਥਾਨਕ ਲੋਕ ਚੀਨੀ ਪ੍ਰਾਜੈਕਟਾਂ ਦਾ ਵਿਰੋਧ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਚੀਨ ਦੇ ਰਾਜਦੂਤ ਨੂੰ ਨਿਸ਼ਾਨਾ ਬਣਾ ਕੇ ਹੋਟਲ ਨੂੰ ਬੰਬਾਂ ਨਾਲ ਉਡਾ ਦਿਤਾ ਗਿਆ ਸੀ। ਹਾਲਾਂਕਿ ਹਮਲੇ ਸਮੇਂ ਰਾਜਦੂਤ ਹੋਟਲ ਵਿਚ ਨਹੀਂ ਸੀ। ਧਮਾਕੇ ਵਿਚ ਪੰਜ ਜਣੇ ਮਾਰੇ ਗਏ ਸਨ।