ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ 19 ਜੁਲਾਈ ਤੋਂ ਮਾਨਸੂਨ ਇਜਲਾਸ ਸ਼ੁਰੂ ਹੋਣ ਦੇ ਬਾਅਦ ਕਿਸਾਨ ਸੰਸਦ ਵਿਚ ਅਪਣਾ ਵਿਰੋਧ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ, ‘ਸੰਸਦ ਵਲ 200 ਲੋਕ ਜਾਣਗੇ। ਅਸੀਂ ਇਸ ਦਾ ਕਿਰਾਇਆ ਦੇਵਾਂਗੇ। ਜਦ ਸਦਨ ਦੀ ਕਾਰਵਾਈ ਚੱਲ ਰਹੀ ਹੋਵੇਗੀ ਤਦ ਅਸੀਂ ਸੰਸਦ ਦੇ ਬਾਹਰ ਬੈਠਾਂਗੇ। ਇਹ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਹੋਵੇਗਾ।’ ਕਿਸਾਨ ਯੂਨੀਅਨਾਂ ਦਾ ਇਕ ਹਿੱਸੇ, ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਪਛਮੀ ਬੰਗਾਲ, ਛੱਤੀਸਗੜ੍ਹ ਅਤੇ ਕਰਨਾਟਕ ਦੇ ਕਿਸਾਨ ਅਤੇ ਆਗੂ ਜੋ ਦਿੱਲੀ ਦੀਆਂ ਸਰਹੱਦਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਹ ਸੰਸਦ ਦੇ ਬਾਹਰ ਵਿਧੀਵਤ ਤਰੀਕੇ ਨਾਲ ਸ਼ਾਂਤੀਪੂਰਨ ਪ੍ਰਦਰਸ਼ਨ ਵਿਚ ਹਿੱਸਾ ਲੈਣਗੇ।’ ਮੋਰਚੇ ਨੇ ਗੈਰ ਐਨਡੀਏ ਸੰਸਦ ਮੈਂਬਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ 17 ਜੁਲਾਈ ਨੁੰ ਉਨ੍ਹਾਂ ਦੇ ਦਫ਼ਤਰਾਂ ਜਾਂ ਸਰਕਾਰੀ ਘਰਾਂ ਲਈ ਪੱਤਰ ਜਾਰੀ ਕੀਤੇ ਜਾਣਗੇ ਤਾਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਸਦਨ ਦੇ ਅੰਦਰ ਕਿਸਾਨਾਂ ਦੇ ਮੁੱਦੇ ਚੁੱਕਣ। ਮੋਰਚੇ ਨੇ ਕਿਹਾ ਕਿ ਜੇ ਵਿਰੋਧੀ ਧਿਰਾਂ ਦੇ ਮੈਂਬਰ ਕਿਸਾਨਾਂ ਨੂੰ ਸਮਰਕਨ ਦੇਣ ਪ੍ਰਤੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਵਿਰੁਧ ਬੋਲਣਾ ਚਾਹੀਦਾ ਹੈ। ਉਨ੍ਹਾਂ ਨੂੰ ਉਸੇ ਭਾਵਨਾ ਨਾਲ ਇਸ ਮੁੱਦੇ ਨੂੰ ਚੁਕਣਾ ਚਾਹੀਦਾ ਹੈ ਜਿਸ ਜ਼ਰੀਏ ਪਿਛਲੇ ਸੱਤ ਮਹੀਨੇ ਤੋਂ ਕਿਸਾਨ ਸਰਹੱਦਾਂ ਅਤੇ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਮੋਰਚੇ ਨੇ ਸਾਰੇ ਸੰਸਦ ਮੈਂਬਰਾਂ ਲਈ ‘ਲੋਕਾਂ ਦਾ ਵਿ੍ਹਪ’ ਜਾਰੀ ਕੀਤਾ ਅਤੇ ਕਿਹਾ ਕਿ ਉਹ ਸੰਸਦ ਵਿਚ ਕਿਸਾਨ ਮੁੱਦੇ ਚੁੱਕਣ ਅਤੇ ਯਕੀਨੀ ਕਰਨ ਕਿ ਤਿੰਨੇ ਕਾਲੇ ਕਾਨੂੰਨ ਰੱਦ ਹੋਣ।