ਵਾਰਾਣਸੀ : ਕੋਵਿਡ-19 ਵਿਰੁਧ ਉੱਤਰ ਪ੍ਰਦੇਸ਼ ਦੀ ਲੜਾਈ ਨੂੰ ‘ਬੇਮਿਸਾਲ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਾ ਕਿ ਕੋਰੋਨਾ ਵਾਇਰਸ ਦੇ ਖ਼ਤਰਨਾਕ ਸਰੂਪ ਨੇ ਪੂਰੀ ਤਾਕਤ ਨਾਲ ਹਮਲਾ ਕੀਤਾ ਸੀ ਪਰ ਪ੍ਰਦੇਸ਼ ਨੇ ਪੂਰੀ ਤਾਕਤ ਨਾਲ ਇਸ ਵੱਡੇ ਸੰਕਟ ਦਾ ਮੁਕਾਬਲਾ ਕੀਤਾ। ਅਪਣੇ ਸੰਸਦੀ ਖੇਤਰ 1500 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਅਪਣੇ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਮਹਾਂਮਾਰੀ ਵਿਰੁਧ ਕਾਸ਼ੀ ਖੇਤਰ ਵਿਚ ਕੀਤੇ ਗਏ ਯਤਨਾਂ ਦੀ ਵੀ ਜੰਮ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘ਮੁਸ਼ਕਲ ਸਮੇਂ ਵਿਚ ਵੀ ਕਾਸ਼ੀ ਨੇ ਵਿਖਾ ਦਿਤਾ ਹੈ ਕਿ ਉਹ ਰੁਕਦੀ ਨਹੀਂ ਹੈ ਅਤੇ ਉਹ ਥੱਕਦੀ ਵੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨੇ ਪੂਰੀ ਮਾਨਵ ਜਾਤੀ ਲਈ ਬਹੁਤ ਮੁਸ਼ਕਲ ਭਰੇ ਰਹੇ ਹਨ ਅਤੇ ਇਸ ਦੌਰਾਨ ਕੋਰੋਨਾ ਵਾਇਰਸ ਦੇ ਬਦਲਦੇ ਹੋਏ ਅਤੇ ਖ਼ਤਰਨਾਕ ਸਰੂਪ ਨੇ ਪੂਰੀ ਤਾਕਤ ਨਾਲ ਹਮਲਾ ਕੀਤਾ। ਉਨ੍ਹਾਂ ਕਿਹਾ,‘ਪਰ ਕਾਸ਼ੀ ਸਮੇਤ ਅਪਣੇ ਉਤਰ ਪ੍ਰਦੇਸ਼ ਨੇ ਪੂਰੀ ਤਾਕਤ ਨਾਲ ਏਨੇ ਵੱਡੇ ਸੰਕਟ ਦਾ ਮੁਕਾਬਲਾ ਕੀਤਾ। ਦੇਸ਼ ਦਾ ਸਭ ਤੋਂ ਵੱਡਾ ਪ੍ਰਦੇਸ਼ ਜਿਸ ਦੀ ਆਬਾਦੀ ਦੁਨੀਆਂ ਦੇ ਦਰਜਨਾਂ ਵੱਡੇ ਵੱਡੇ ਦਸ਼ਾਂ ਤੋਂ ਵੀ ਜ਼ਿਆਦਾ ਹੋਵੇਗੀ, ਉਥੇ ਕੋਰੋਨਾ ਦੀ ਦੂਜੀ ਲਹਿਰ ਨੂੰ ਜਿਸ ਤਰ੍ਹਾਂ ਸੰਭਾਲਿਆ, ਉਤਰ ਪ੍ਰਦੇਸ਼ ਵਿਚ ਜਿਸ ਤਰ੍ਹਾਂ ਕੋਰੋਨਾ ਨੂੰ ਫੈਲਣ ਤੋਂ ਰੋਕਿਆ, ਉਹ ਬੇਮਿਸਾਲ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਸਾਲ ਵਿਚ ਪੂਰੀ ਦੁਨੀਆਂ ’ਤੇ ਆਈ ਇਹ ਸਭ ਤੋਂ ਵੱਡੀ ਮਹਾਂਮਾਰੀ ਹੈ। ਇਸ ਲਈ ਕੋਰੋਨਾ ਨਾਲ ਨਿਪਟਣ ਵਿਚ ਯੂਪੀ ਦੇ ਯਤਨ ਜ਼ਿਕਰਯੋਗ ਹਨ।