ਹਨੂਮਾਨਗੜ੍ਹ : ਰਾਜਸਥਾਨ ਦੇ ਹਨੂਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਇਕੱਠਿਆਂ ਹੀ ਰਾਜ ਪ੍ਰਸ਼ਾਸਨਿਕ ਸੇਵਾ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਫ਼ਲਤਾ ਦੇ ਨਾਲ ਹੀ ਉਨ੍ਹਾਂ ਪਹਿਲਾਂ ਤੋਂ ਅਫ਼ਸਰ ਬਣੀਆਂ ਅਪਣੀਆਂ ਦੋ ਭੈਣਾਂ ਨਾਲ ਰਲ ਗਈਆਂ ਹਨ। ਇਸ ਤਰ੍ਹਾਂ ਇਕ ਹੀ ਪਰਵਾਰ ਤੋਂ 5 ਭੈਣਾਂ ਰਾਜਸਥਾਨ ਪ੍ਰਸ਼ਾਸਨਿਕ ਸੇਵਾ ਦੀਆਂ ਅਧਿਕਾਰੀ ਬਣ ਗਈਆਂ ਹਨ। ਭਾਰਤੀ ਵਣ ਸੇਵਾ ਦੇ ਅਧਿਕਾਰੀ ਪ੍ਰਵੀਣ ਕਸਵਾਨ ਨੇ ਇਸ ਖ਼ਬਰ ਨੂੰ ਟਵਿਟਰ ’ਤੇ ਤਿੰਨਾਂ ਭੈਣਾਂ ਦੀ ਤਸਵੀਰ ਨਾਲ ਸ਼ੇਅਰ ਕੀਤਾ ਹੈ। ਕਸਵਾਨ ਨੇ ਟਵਿਟਰ ’ਤੇ ਕਿਹਾ, ‘ਇਕ ਬੇਹੱਦ ਚੰਗੀ ਖ਼ਬਰ ਹੈ। ਅੰਸ਼ੂ, ਰੀਤੂ ਅਤੇ ਸੁਮਨ ਰਾਜਸਥਾਨ ਪ੍ਰਸ਼ਾਸਨਿਕ ਸੇਵਾ ਦੀਆਂ ਅਧਿਕਾਰੀ ਬਣ ਗਈਆਂ ਹਨ, ਹਨੂਮਾਨਗੜ੍ਹ ਦੀਆਂ ਰਹਿਣ ਵਾਲੀਆਂ ਹਨ। ਤਿੰਨਾਂ ਨੇ ਅੱਜ ਹੀ ਇਕੱਠਿਆਂ ਰਾਜਸਥਾਨ ਪ੍ਰਸ਼ਾਸਨਿਕ ਸੇਵਾ ਦੀ ਪ੍ਰੀਖਿਆ ਪਾਸ ਕੀਤੀ ਹੈ।’ ਪ੍ਰਵੀਨ ਨੇ ਲਿਖਿਆ, ‘ਤਿੰਨਾਂ ਨੇ ਅਪਣੇ ਮਾਤਾ ਪਿਤਾ ਨੂੰ ਮਾਣ ਦਾ ਇਹ ਪਲ ਦਿਤਾ ਹੈ। ਇਹ 5 ਭੈਣਾਂ ਹਨ ਜਿਨ੍ਹਾਂ ਵਿਚੋਂ ਦੋ ਰੋਮਾ ਅਤੇ ਮੰਜੂ ਪਹਿਲਾਂ ਹੀ ਆਰਏਐਸ ਅਫ਼ਸਰ ਹਨ। ਇਸ ਤਰ੍ਹਾਂ ਹੁਣ ਸਹਿਦੇਵ ਸਹਿਰਨ ਦੀਆਂ ਪੰਜੇ ਬੇਟੀਆਂ ਪ੍ਰਸ਼ਾਸਨਿਕ ਅਧਿਕਾਰੀ ਬਣ ਗਈਆਂ ਹਨ।’ ਸੋਸ਼ਲ ਮੀਡੀਆ ਵਿਚ ਪੰਜਾਂ ਭੈਣਾਂ ਦੀ ਬੇਹੱਦ ਤਾਰੀਫ਼ ਹੋ ਰਹੀ ਹੈ। ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਮੰਗਲਵਾਰ ਨੂੰ ਰਾਜਸਥਾਨ ਪ੍ਰਸ਼ਾਸਨਿਕ ਸੇਵਾ 2018 ਦਾ ਨਤੀਜਾ ਜਾਰੀ ਕੀਤਾ ਗਿਆ ਸੀ ਜਿਸ ਵਿਚ ਤਿੰਨਾਂ ਭੈਣਾਂ ਦੀ ਚੋਣ ਹੋਈ।