ਕਾਬੁਲ : ਅਫ਼ਗ਼ਾਨਿਸਤਾਨ ਦੀ 85 ਫ਼ੀਸਦੀ ਜ਼ਮੀਨ ਕਬਜ਼ਾ ਚੁੱਕਾ ਅਫ਼ਗਾਨ ਤਾਲਿਬਾਨ ਅਫ਼ਗ਼ਾਨਿਸਤਾਨੀ ਫ਼ੌਜ ਦੀਆਂ ਚੌਕੀਆਂ ’ਤੇ ਕਬਜ਼ਾ ਕਰ ਰਿਹਾ ਹੈ। ਪਾਕਿਸਤਾਨ ਨਾਲ ਲੱਗੀ ਅਜਿਹੀ ਹੀ ਚੌਕੀ ’ਤੇ ਕਬਜ਼ਾ ਕਰਨ ਲਈ ਜਦ ਤਾਲਿਬਾਨ ਦੇ ਅਤਿਵਾਦੀ ਪਹੁੰਚੇ ਤਾਂ ਉਨ੍ਹਾਂ ਦੀ ਕਿਸਮਤ ਖੁਲ੍ਹ ਗਈ। ਇਥੇ ਉਨ੍ਹਾਂ ਨੂੰ 3 ਅਰਬ ਪਾਕਿਸਤਾਨੀ ਰੁਪਏ ਯਾਨੀ 300 ਕਰੋੜ ਰੁਪਏ ਮਿਲੇ। ਖ਼ਬਰਾਂ ਮੁਤਾਬਕ ਤਾਲਿਬਾਨ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਕੇ ਇਹ ਗੱਲ ਕਬੂਲੀ ਹੈ। ਘਟਨਾ ਕੰਧਾਰ ਜ਼ਿਲ੍ਹੇ ਦੀ ਹੈ ਜਿਥੇ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੀ ਸਰਹੱਦ ’ਤੇ ਬਣੀ ਚੈਕ ਪੋਸਟ ਹੈ। ਤਾਲਿਬਾਨ ਨੂੰ ਅਪਣੇ ਵਲ ਆਉਂਦਾ ਵੇਖ ਅਫ਼ਗ਼ਾਨਿਸਤਾਨ ਦੀ ਫੌਜ ਚੈਕ ਪੋਸਟ ਛੱਡ ਕੇ ਭੱਜ ਗਈ। ਚੌਕੀ ’ਤੇ ਕਬਜ਼ਾ ਕਰਦੇ ਹੀ ਤਾਲਿਬਾਨੀ ਲੜਾਕਿਆਂ ਨੇ ਸਭ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦਾ ਝੰਡਾ ਹਟਾਇਆ ਅਤੇ ਅਪਣਾ ਝੰਡਾ ਲਾ ਦਿਤਾ। ਇਸ ਚੌਕੀ ਨੂੰ ਰਣਨੀਤਕ ਤੌਰ ’ਤੇ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ। ਇਥੋਂ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਨੂੰ ਅਸਾਨੀ ਨਾਲ ਕਰਾਸ ਕੀਤਾ ਜਾ ਸਕਦਾ ਹੈ। ਇਸ ’ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁਕਾ ਹੈ। ਪਾਕਿਸਤਾਨ ਦੀ ਫ਼ੌਜ ਨੇ ਪੁਸ਼ਟੀ ਕੀਤੀ ਹੈ ਕਿ ਚੌਕੀ ’ਤੇ ਤਾਲਿਬਾਨ ਦਾ ਕਬਜ਼ਾ ਹੋ ਚੁਕਾ ਹੈ। ਅਫ਼ਗ਼ਾਨਿਸਤਾਨ ਦੇ ਰਖਿਆ ਮੰਤਰਾਲੇ ਨੇ ਵੀ ਇਸ ਘਟਨਾ ’ਤੇ ਬਿਆਨ ਜਾਰੀ ਕੀਤਾ ਹੈ। ਪਾਕਿਸਤਾਨੀ ਮੀਡੀਆ ਦਾ ਇਹ ਵੀ ਕਹਿਣਾ ਹੈ ਕਿ ਅਤਿਵਾਦੀਆਂ ਨੂੰ ਜੋ ਪੈਸਾ ਮਿਲਿਆ ਹੈ, ਉਹ ਤਸਕਰਾਂ ਤੋਂ ਲਿਆ ਗਿਆ ਹੈ। ਜਿਹੜਾ ਵੀ ਤਸਕਰ ਇਸ ਰਾਹ ਤੋਂ ਜਾਂਦਾ ਹੈ, ਉਸ ਤੋਂ ਅਫ਼ਗ਼ਾਨਿਸਤਾਨ ਦੇ ਫ਼ੌਜੀ ਰਿਸ਼ਵਤ ਲੈਂਦੇ ਹਨ।