ਕੰਧਾਰ : ਅਫ਼ਗ਼ਾਨਿਸਤਾਨ ਦੇ ਹਿੰਸਾਗ੍ਰਸਤ ਕੰਧਾਰ ਵਿਚ ਜਾਰੀ ਖ਼ੂਨੀ ਸੰਘਰਸ਼ ਵਿਚਾਲੇ ਭਾਰਤੀ ਪੱਤਰਕਾਰ ਦੀ ਹਤਿਆ ਕਰ ਦਿਤੀ ਗਈ ਹੈ। ਅਫ਼ਗ਼ਾਨਿਸਤਾਨ ਦੇ ਰਾਜਦੂਤ ਫ਼ਰੀਦ ਮਮੁੰਡਜੇ ਨੇ ਸੂਚਨਾ ਦਿਤੀ ਕਿ ਕੰਧਾਰ ਵਿਚ ਵੀਰਵਾਰ ਨੂੰ ਭਾਰਤੀ ਫ਼ੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਕਵਰੇਜ ਦੌਰਾਨ ਹਤਿਆ ਕਰ ਦਿਤੀ ਗਈ। ਉਹ ਕੰਧਾਰ ਵਿਚ ਅਫ਼ਗ਼ਾਨ ਸੁਰੱਖਿਆ ਬਲਾਂ ਨਾਲ ਉਥੋਂ ਦੇ ਹਾਲਾਤ ਦੀ ਰੀਪੋਰਟਿੰਗ ਕਰ ਰਹੇ ਸਨ। ਖ਼ਬਰ ਏਜੰਸੀ ਰਾਇਟਰਜ ਨਾਲ ਜੁੜੇ ਫ਼ੋਟੋ ਪੱਤਰਕਾਰ ਦਾਨਿਸ਼ ਪੁਲਿਤਜਰ ਪੁਰਸਕਾਰ ਜੇਤੂ ਸਨ। ਇਸ ਤੋਂ ਪਹਿਲਾਂ 13 ਜੁਲਾਈ ਨੂੰ ਵੀ ਦਾਨਿਸ਼ ’ਤੇ ਹਮਲਾ ਹੋਇਆ ਸੀ ਜਿਸ ਵਿਚ ਉਹ ਮਸਾਂ ਬਚੇ ਸਨ। ਅਫ਼ਗ਼ਾਨਿਸਤਾਨ ਦੇ ਰਾਜਦੂਤ ਨੇ ਟਵਿਟਰ ’ਤੇ ਦਸਿਆ, ‘ਕਲ ਰਾਤ ਕੰਧਾਰ ਵਿਚ ਇਕ ਦੋਸਤ ਦਾਨਿਸ਼ ਸਿੱਦੀਕੀ ਦੀ ਹਤਿਆ ਕਰ ਦਿਤੀ ਗਈ ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਹਾਂ। ਭਾਰਤੀ ਪੱਤਰਕਾਰ ਅਫਗਾਨ ਸੁਰੱਖਿਆ ਬਲਾਂ ਨਾਲ ਕਵਰੇਜ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਉਨ੍ਹਾਂ ਦੇ ਕਾਬੁਲ ਜਾਣ ਤੋਂ ਪਹਿਲਾਂ ਮਿਲਿਆ ਸੀ। ਉਨ੍ਹਾਂ ਦੇ ਪਰਵਾਰ ਅਤੇ ਰਾਇਟਰ ਨਾਲ ਸਾਡੀ ਹਮਦਰਦੀ।’ ਅਫ਼ਗ਼ਾਨਿਸਤਾਨ ਦੇ ਟੋਲੋ ਨਿਊਜ਼ ਚੈਨਲ ਮੁਤਾਬਕ ਸਿੱਦੀਕੀ ਦੀ ਹਤਿਆ ਕੰਧਾਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਕੀਤੀ ਗਈ ਹੈ। 13 ਜੁਲਾਈ ਨੂੰ ਹੋਏ ਹਵਾਈ ਹਮਲੇ ਵਿਚ ਬਚਣ ਦੇ ਬਾਅਦ ਦਾਨਿਸ਼ ਨੇ ਕਿਹਾ ਸੀ ਕਿ ਉਹ ਖ਼ੁਸ਼ਕਿਸਮਤ ਸੀ ਕਿ ਬਚ ਗਿਆ।