ਮੁੰਬਈ: ਮੁੰਬਈ ਵਿੱਚ ਲਗਾਤਾਰ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ ਅਤੇ 11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅੰਧੇਰੀ ਤੇ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਆ ਗਿਆ ਹੈ। ਇਸ ਦੇ ਨਾਲ ਹੀ ਭਾਂਡੁਪ ਵਿੱਚ ਕੰਧ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ ਅਤੇ ਵਿਕਰੋਲੀ ਵਿਚ ਵੀ ਤਿੰਨ ਵਿਅਕਤੀਆਂ ਦੀ ਕੰਧ ਡਿੱਗਣ ਕਾਰਨ ਮੌਤ ਹੋ ਗਈ। ਮੁੰਬਈ ਦੇ ਇਲਾਕੇ ਠਾਣੇ, ਪਾਲਘਰ ਤੇ ਰਾਏਗੜ੍ਹ ਵਿੱਚ ਵੀ ਅੱਜ ਭਾਰੀ ਮੀਂਹ ਪੈ ਰਿਹਾ ਹੈ। ਮੁੰਬਈ ਦੇ ਕਈ ਇਲਾਕਿਆਂ ਵਿਚ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸਾਰੀ ਰਾਤ ਲੋਕ ਘਰ ਦਾ ਪਾਣੀ ਬਾਹਰ ਕੱਢਣ ਵਿੱਚ ਰੁੱਝੇ ਰਹੇ। ਦਾਦਰ ਇਲਾਕੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਸੀ ਕਿ ਬੱਸਾਂ ਅੱਧ ਤੋਂ ਵੱਧ ਡੁੱਬੀਆਂ ਦਿਸ ਰਹੀਆਂ ਹਨ। ਕਾਂਦੀਵਲੀ ਦੀਆਂ ਕਈ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਕਾਰਨ ਲੱਖਾਂ ਦਾ ਮਾਲ ਖਰਾਬ ਹੋ ਗਿਆ। ਮੀਂਹ ਕਾਰਨ ਰੇਲ ਪਟੜੀਆਂ ਉੱਤੇ ਵੀ ਪਾਣੀ ਰੁਕ ਗਿਆ ਹੈ। ਇੰਝ ਅੱਜ ਸਥਾਨਕ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਤ ਹੋਵੇਗੀ। ਇਸ ਤੋਂ ਇਲਾਵਾ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਸਨਿਚਰਵਾਰ ਸਵੇਰੇ ਸਾਫ ਰਿਹਾ ਸੀ ਪਰ ਅੱਜ ਐਤਵਾਰ ਨੂੰ ਸ਼ਹਿਰ ਵਿਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਸ਼ਾਮ ਨੂੰ ਬੱਦਲਵਾਈ ਤੇ ਹਲਕੀ ਬਾਰਸ਼ ਜਾਂ ਗਰਜ ਦੀ ਸੰਭਾਵਨਾ ਦੱਸੀ ਹੈ।