ਟੋਕੀਉ : ਉਲੰਪਿਕ ਖੇਡ ਪਿੰਡ ਵਿਚ ਰਹਿ ਰਹੇ ਦੋ ਖਿਡਾਰੀਆਂ ਸਮੇਤ ਕੁਲ ਤਿੰਨ ਖਿਡਾਰੀਆਂ ਨੂੰ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਹੈ। ਟੋਕੀਉ ਉਲੰਪਿਕ ਪ੍ਰਬੰਧਕ ਕਮੇਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ਜਿਸ ਕਾਰਨ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਸਫ਼ਲ ਆਯੋਜਨ ਬਾਬਤ ਖ਼ਦਸ਼ਾ ਪੈਦਾ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦਕਿ ਖੇਡ ਪਿੰਡ ਵਿਚ ਰਹਿ ਰਹੇ ਖਿਡਾਰੀ ਮਹਾਂਮਾਰੀ ਦੀ ਲਪੇਟ ਵਿਚ ਆਏ ਹਨ। ਪ੍ਰਬੰਧਕਾਂ ਨੇ ਖਿਡਾਰੀਆਂ ਦੀ ਪਛਾਣ ਉਜਾਗਰ ਨਹੀਂ ਕੀਤੀ। ਤੀਜਾ ਖਿਡਾਰੀ ਖੇਡਾਂ ਲਈ ਨਾਮਜ਼ਦ ਹੋਟਲ ਵਿਚ ਠਹਿਰਿਆ ਹੋਇਆ ਹੈ। ਕਮੇਟੀ ਨੇ ਕੋਵਿਡ ਦੇ ਪਾਜ਼ੇਟਿਵ ਮਾਮਲਿਆਂ ਦੀ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ ਮੁਤਾਬਕ ਦਿਨ ਵਿਚ ਕੁਲ 10 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਖੇਡਾਂ ਨਾਲ ਸਬੰਧਤ ਪੰਜ ਵਿਅਕਤੀ, ਇਕ ਠੇਕੇਦਾਰ ਅਤੇ ਇਕ ਪੱਤਰਕਾਰ ਵੀ ਸ਼ਾਮਲ ਹੈ। ਕਮੇਟੀ ਦੇ ਰੀਕਾਰਡ ਮੁਤਾਬਕ ਖੇਡਾਂ ਨਾਲ ਜੁੜੇ ਕੋਵਿਡ ਮਾਮਲਿਆਂ ਦੀ ਗਿਣਤੀ ਹੁਣ 55 ’ਤੇ ਪਹੁੰਚ ਗਈ ਹੈ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਖੇਡਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਟੋਫ਼ ਡੂਬੀ ਨੇ ਕਿਹਾ, ‘ਜਦ ਵੀ ਕੋਵਿਡ ਦਾ ਕੋਈ ਮਾਮਲਾ ਆਉਂਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਕਾਰਵਾਈ। ਕਰੀਬੀ ਸੰਪਰਕਾਂ ਦੀ ਪਛਾਣ ਕਰਨ ਲਈ ਸਪੱਸ਼ਟ ਕਵਾਇਦ ਹੈ। ਇਕ ਮਾਮਲਾ ਕੇਵਲ ਅੰਕੜਾ ਨਹੀਂ ਹੈ ਸਗੋਂ ਉਸ ਨਾਲ ਹੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਜਿਸ ਵਿਚ ਤੁਰੰਤ ਹੀ ਪ੍ਰੀਖਣ ਕਰਵਾਉਣਾ ਵੀ ਸ਼ਾਮਲ ਹੈ। ਖੇਡਾਂ ਲਈ 18000 ਪ੍ਰਤੀਭਾਗੀਆਂ ਦੇ ਜਾਪਾਨ ਆਉਣ ਤੋਂ ਪਹਿਲਾਂ ਕੋਵਿਡ ਦੇ 40000 ਟੈਸਟ ਕੀਤੇ ਗਏ। ਇਸ ਦੇ ਇਲਾਵਾ ਹਵਾਈ ਅੱਡੇ ’ਤੇ ਜਾਂਚ ਹੋ ਰਹੀ ਹੈ। ਨਿਯਮਿਤ ਤੌਰ ’ਤੇ ਜਾਂਚ ਅਤੇ ਹਰ ਦਿਨ ਪ੍ਰੀਖਣ ਕੀਤਾ ਜਾ ਰਿਹਾ ਹੈ।