ਲਖਨਊ : ਉਰਦੂ ਦੇ ਉਘੇ ਸ਼ਾਇਰ ਮੁਨੱਵਰ ਰਾਣਾ ਨੇ ਕਿਹਾ ਹੈ ਕਿ ਜੇ ਯੋਗੀ ਆਦਿਤਿਯਾਨਾਥ ਅਗਲੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਮਗਰੋਂ ਮੁੜ ਯੂਪੀ ਦੇ ਮੁੱਖ ਮੰਤਰੀ ਬਣੇ ਤਾਂ ਉਹ ਯੂਪੀ ਛੱਡ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਯੋਗੀ ਮੁੜ ਮੁੱਖ ਮੰਤਰੀ ਬਣਦੇ ਹਨ ਤਾਂ ਇਹ ਏਆਈਐਮਆਈਐਮ ਦੇ ਆਗੂ ਅਸਦੂਦੀਨ ਓਵੈਸੀ ਕਾਰਨ ਹੀ ਹੋਵੇਗਾ। ਸ਼ਾਇਰ ਨੇ ਦੋਸ਼ ਲਾਇਆ ਕਿ ਓਵੈਸੀ ਅਤੇ ਭਾਜਪਾ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਭਾਜਪਾ ਅਤੇ ਓਵੈਸੀ ਲੋਕਾਂ ਨੂੰ ਗੁਮਰਾਹ ਕਰਨ ਲਈ ਸ਼ੈਡੋ ਬਾਕਸਿੰਗ ਵਿਚ ਲਿਪਤ ਹਨ। ਤੱਥ ਇਹ ਹੈ ਕਿ ਉਹ ਦੋਵੇਂ ਵੋਟਰਾਂ ਦਾ ਧਰੁਵੀਕਰਨ ਕਰਦੇ ਹਨ ਅਤੇ ਫਿਰ ਚੋਣਾਂ ਵਿਚ ਲਾਭ ਹਾਸਲ ਕਰਦੇ ਹਨ ਜਿਸ ਦਾ ਵੱਡਾ ਹਿੱਸਾ ਭਾਜਪਾ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਯੂਪੀ ਦੇ ਮੁਸਲਮਾਨ ਓਵੈਸੀ ਦੇ ਜਾਲ ਵਿਚ ਫਸ ਗਏ ਅਤੇ ਉਸ ਦੀ ਪਾਰਟੀ ਨੂੰ ਵੋਟ ਪਾਈ ਤਾਂ ਯੋਗੀ ਨੂੰ ਮੁੜ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਜੇ ਯੋਗੀ ਮੁੜ ਮੁੱਖ ਮੰਤਰੀ ਬਣਿਆ ਤਾਂ ਮੈਂ ਮੰਨ ਲਵਾਂਗਾ ਕਿ ਰਾਜ ਹੁਣ ਮੁਸਲਮਾਨਾਂ ਦੇ ਰਹਿਣ ਲਾਇਕ ਨਹੀਂ ਹੈ। ਰਾਣਾ ਨੇ ਕਿਹਾ, ‘ਮੁਸਲਮਾਨਾਂ ਦੇ ਅੱਠ ਬੱਚੇ ਹਨ ਤਾਕਿ ਜੇ ਪੁਲਿਸ ਦੋ ਬੱਚਿਆਂ ਨੂੰ ਅਤਿਵਾਦੀ ਦੇ ਰੂਪ ਵਿਚ ਚੁਕਦੀ ਹੈ ਅਤੇ ਦੋ ਬੱਚੇ ਕੋਰੋਨਾ ਵਾਇਰਸ ਕਾਰਨ ਮਰ ਜਾਂਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ ਲਈ ਚਾਰ ਬੱਚੇ ਉਨ੍ਹਾਂ ਦੇ ਘਰ ਵਿਚ ਮੌਜੂਦ ਰਹਿਣਗੇ। ਇਹ ਟਿਪਣੀ ਉਨ੍ਹਾਂ ਯੂਪੀ ਦੇ ਤਜਵੀਜ਼ਸ਼ੁਦਾ ਜਨਸੰਖਿਆ ਕੰਟਰੋਲ ਕਾਨੂੰਨ ਬਾਰੇ ਕੀਤੀ।