ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵਿਚ ਆਰ.ਐਸ.ਐਸ. ਵਿਰੁਧ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਕਸ਼ਮੀਰੀਆਂ ਦੇ ਬ੍ਰਾਂਡ ਅੰਬੈਸਡਰ ਹਨ। ਉਹ ਪਾਕਿ ਅਕਯੂਪਡ ਕਸ਼ਮੀਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੇ ਦੋ ਦਿਨ ਵਿਚ ਸੰਘ ਦੇ ਵਿਰੁਧ ਸਖ਼ਤ ਲਹਿਜੇ ਵਿਚ ਬਿਆਨ ਦਾਗ਼ੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸੰਘ ਦੀ ਵਿਚਾਰਧਾਰਾ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਸੰਘ ਦੀਆਂ ਵਿਚਾਰਧਾਰਾਵਾਂ ਮੁਸਲਮਾਨਾਂ ਨੂੰ ਹੀ ਨਹੀਂ ਸਗੋਂ ਸਿੱਖਾਂ, ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਲਈ ਵੀ ਖ਼ਤਰਾ ਹਨ ਅਤੇ ਇਨ੍ਹਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਨਹੀਂ ਦਿੰਦੀਆਂ। ਇਮਰਾਨ ਖ਼ਾਨ ਨੇ ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਉਣ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਵੱਲੋਂ ਕਸ਼ਮੀਰ ਵਿਚ ਧਾਰਾ 370 ਹਟਾਉਣ ਨਾਲ ਕਸ਼ਮੀਰ ਵਿਚ ਜ਼ੁਲਮ ਵੱਧ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਕਸ਼ਮੀਰੀਆਂ ਦਾ ਬ੍ਰਾਂਡ ਅੰਬੈਸਡਰ ਕਰਾਰ ਦਿੰਦਿਆਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਦੀ ਗੱਲ ਵੀ ਆਖੀ। ਇਮਰਾਨ ਖ਼ਾਨ ਨੇ ਭਾਰਤ ਨਾਲ ਆਪਣੀ ਗੱਲਬਾਤ ਦੇ ਮੁੱਦੇ ’ਤੇ ਆਖਿਆ ਕਿ ਉਹ ਭਾਰਤ ਨਾਲ ਗੱਲਬਾਤ ਲਈ ਤਿਆਰ ਹਨ ਜੇਕਰ ਭਾਰਤ ਪੁਰਾਣੀਆਂ ਸਥਿਤੀਆਂ ਨੂੰ ਬਹਾਲ ਕਰਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਜਬੇਕਿਸਤਾਨ ਵਿਚ ਚਲ ਰਹੀ ਸੈਂਟਰਲ ਸਾਊਥ ਏਸ਼ੀਆ ਕਾਨਫ਼ਰੰਸ ਵਿਚ ਕਿਹਾ ਸੀ ਕਿ ਅਸੀਂ ਭਾਰਤ ਨਾਲ ਗੱਲਬਾਤ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ, ਅਸੀਂ ਇਕ ਸਭਿਅਕ ਗੁਆਂਢੀ ਦੀ ਤਰ੍ਹਾਂ ਗੱਲਬਾਤ ਲਈ ਤਿਆਰ ਹਾਂ ਪਰ ਆਰ.ਐਸ.ਐਸ. ਦੀਆਂ ਵਿਚਾਰਧਾਰਾਵਾਂ ਰਾਹ ਵਿਚ ਅੜਿੱਕਾ ਬਣ ਰਹੀਆਂ ਹਨ।