ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਡੇਰਾ ਗਾਜ਼ੀ ਖ਼ਾਨ ਜ਼ਿਲ੍ਹੇ ਵਿਚ ਰਾਜਮਾਰਗ ’ਤੇ ਯਾਤਰੀ ਬੱਸ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ 30 ਜਣਿਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ। ਮਾਰੇ ਗਏ ਵਿਅਕਤੀਆਂ ਵਿਚ ਜ਼ਿਆਦਾਤਰ ਮਜ਼ਦੂਰ ਹਨ ਜੋ ਈਦ ਉਲ ਅਜਹਾ ਮਨਾਉਣ ਲਈ ਅਪਣੇ ਘਰਾਂ ਨੂੰ ਜਾ ਰਹੇ ਸਨ। ਅਧਿਕਾਰੀਆਂ ਨੇ ਦਸਿਆ ਕਿ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ ਜਦ ਬਾਈਪਾਸ ਲਾਗੇ ਸਿੰਧੂ ਰਾਜਮਾਰਗ ’ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਮੁਤਾਬਕ 18 ਜਣਿਆਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਚੁਕੀ ਸੀ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਪੁਸ਼ਟੀ ਕੀਤੀ ਕਿ ਡੇਰਾ ਗਾਜ਼ੀ ਖ਼ਾਨ ਲਾਗੇ ਹਾਦਸੇ ਵਿਚ ਘੱਟੋ ਘੱਟ 30 ਜਣੇ ਮਾਰੇ ਗਏ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਅਤੇ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਪਾਕਿਸਤਾਨ ਵਿਚ ਅਕਸਰ ਸੜਕ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਵਾਹਨਾਂ ਦੀ ਤੇਜ਼ ਗਤੀ, ਖ਼ਰਾਬ ਸੜਕਾਂ ਅਤੇ ਅਣਸਿੱਖਿਅਤ ਚਾਲਕਾਂ ਕਾਰਨ ਵਾਪਰਦੇ ਹਨ।