ਨਵੀਂ ਦਿੱਲੀ : ਕੋਵਿਡ ਦੀ ਤੀਜੀ ਲਹਿਰ ਆਉਣ ਦੇ ਖ਼ਦਸ਼ੇ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਇਸ ਨਾਲ ਸਿੱਝਣ ਦੀ ਤਿਆਰੀ ਕਰ ਰਹੀਆਂ ਹਨ। ਦਿੱਲੀ ਏਮਜ਼ ਵਿਚ ਬੱਚਿਆਂ ਦੀ ਵੈਕਸੀਨ ’ਤੇ ਚੱਲ ਰਹੇ ਟਰਾਇਲ ਨਾਲ ਚੰਗੀ ਖ਼ਬਰ ਸਾਹਮਣੇ ਆਈ ਹੈ। ਟਰਾਇਲ ਵਿਚ ਸ਼ਾਮਲ 6 ਤੋਂ 12 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦੀ ਦੂਜੀ ਡੋਜ਼ ਦੇ ਦਿਤੀ ਗਈ ਹੈ। ਅਗਲੇ ਹਫ਼ਤੇ 2 ਤੋਂ 6 ਸਾਲ ਦੇ ਬੱਚਿਆਂ ਨੂੰ ਦੂਜੀ ਡੋਜ਼ ਦੇਣ ਦੀ ਤਿਆਰੀ ਹੈ। ਭਾਰਤ ਬਾਇਉਟੈਕ ਜੁਲਾਈ ਦੇ ਅਖ਼ੀਰ ਤਕ ਟਰਾਇਲ ਦੀ ਆਖ਼ਰੀ ਰੀਪੋਰਟ ਜਾਰੀ ਕਰ ਸਕਦੀ ਹੈ। ਇਸ ਨਾਲ ਬੱਚਿਆਂ ’ਤੇ ਵੈਕਸੀਨ ਦੇ ਅਸਰ ਦਾ ਮੋਟੇ ਤੌਰ ’ਤੇ ਅੰਦਾਜ਼ਾ ਲੱਗ ਜਾਵੇਗਾ।12 ਮਈ ਨੂੰ ਬੱਚਿਆਂ ’ਤੇ ਟਰਾਇਲ ਦੀ ਸਿਫ਼ਾਰਸ਼ ਕੀਤੀ ਗਈ ਸੀ। ਭਾਰਤ ਬਾਇਉਟੈਕ ਨੇ ਬੱਚਿਆਂ ’ਤੇ ਟਰਾਇਲ ਸ਼ੁਰੂ ਕੀਤਾ ਸੀ। ਬੱਚਿਆਂ ਲਈ ਬਣਾਈ ਜਾ ਰਹੀ ਜਾਇਡਸ ਕੈਡਿਲਾ ਦੀ ਵੈਕਸੀਨ ਦਾ ਟਰਾਇਲ ਵੀ ਲਗਭਗ ਪੂਰਾ ਹੋ ਚੁਕਾ ਹੈ। ਕੋਵਿਡ ਵਰਕਿੰਗ ਗਰੁਪ ਦੇ ਮੁਖੀ ਡਾ. ਐਨ ਕੇ ਅਰੋੜਾ ਨੇ ਦਸਿਆ ਸੀ ਕਿ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਪਹਿਲੇ ਹਫ਼ਤੇ ਵਿਚ 12 ਤੋਂ 18 ਸਾਲ ਉਮਰ ਦੇ ਬੱਚਿਆਂ ਨੂੰ ਟੀਕਾ ਲਗਣਾ ਸ਼ੁਰੂ ਹੋ ਸਕਦਾ ਹੈ।