ਨਵੀਂ ਦਿੱਲੀ : ਦੇਸ਼ ਦੇ ਸਾਬਕਾ ਮੁੱਖ ਜੱਜ ਰੰਜਨ ਗੋਗਈ ਵਿਰੁਧ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਵੀ ਫ਼ੋਨ ਹੈਕਿੰਗ ਕੇਸ ਵਿਚ ਨਿਸ਼ਾਨਾ ਸੀ। ਦਾ ਵਾਇਰ ਦੀ ਰੀਪੋਰਟ ਮੁਤਾਬਕ ਇਸ ਮੁਲਾਜ਼ਮ ਦੇ ਤਿੰਨ ਫ਼ੋਨ ਨੰਬਰ ’ਤੇ ਨਿਗਰਾਨੀ ਰੱਖੀ ਗਈ ਸੀ। ਇਸ ਲਈ ਅਗਿਆਤ ਭਾਰਤੀ ਏਜੰਸੀ ਨੇ ਇਜ਼ਰਾਇਲੀ ਸਪਾਈਵੇਅਰ ਪੇਗਾਸਸ ਦੀ ਵਰਤੋਂ ਕੀਤੀ ਸੀ। ਇਧਰ, ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਫ਼ੋਨ ਵੀ ਹੈਕ ਕੀਤੇ ਗਏ ਸਨ। ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਜਿਸ ਮੁਲਾਜ਼ਮ ਦੇ ਨੰਬਰ ਟਾਰਗੇਟ ਕੀਤੇ ਗਏ ਸਨ, ਉਸ ਨੂੰ ਨੌਕਰੀ ਤੋਂ ਦਸੰਬਰ 2018 ਵਿਚ ਕੱਢ ਦਿਤਾ ਗਿਆ ਸੀ। ਇਸ ਦੇ ਇਕ ਹਫ਼ਤੇ ਬਾਅਦ ਉਸ ਨੇ ਦੋਸ਼ ਲਾਇਆ ਸੀ ਕਿ ਮੁੱਖ ਜੱਜ ਦੀਆਂ ਹਰਕਤਾਂ ਦਾ ਵਿਰੋਧ ਕਰਨ ’ਤੇ ਅਜਿਹਾ ਕੀਤਾ ਗਿਆ। 20 ਅਪ੍ਰੈਲ ਨੂੰ ਉਸ ਨੇ ਅਪਣੇ ਬਿਆਨ ਦਰਜ ਕਰਾਏ ਸਨ। ਔਰਤ ਨਾਲ ਜੁੜੇ 3 ਨੰਬਰ ਤੋਂ ਇਲਾਵਾ ਉਸ ਦੇ ਪਤੀ ਅਤੇ ਦੋ ਭਰਾਵਾਂ ਦੇ 8 ਨਵੰਬਰ ਨੂੰ ਵੀ ਮਾਰਕ ਕੀਤਾ ਗਿਆ ਸੀ। ਇਨ੍ਹਾਂ ਨੰਬਰਾਂ ਨੂੰ ਵੀ ਉਸੇ ਹਫ਼ਤੇ ਸਰਵੀਲਾਂਸ ਲਈ ਰਖਿਆ ਗਿਆ ਸੀ। ਦਾਅਵਾ ਹੈ ਕਿ ਕੇਂਦਰੀ ਸਭਿਆਚਾਰ ਮੰਤਰੀ ਪ੍ਰਹਿਲਾਦ ਪਟੇਲ ਅਤੇ ਸੰਸਦ ਵਿਚ ਸਰਕਾਰ ਦਾ ਬਚਾਅ ਕਰਨ ਵਾਲੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਦੇ ਫ਼ੋਨ ਵੀ ਹੈਕਿੰਗ ਨਿਸ਼ਾਨੇ ’ਤੇ ਸਨ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਫ਼ੋਨ ਵੀ ਇਸ ਲਿਸਟ ਵਿਚ ਸ਼ਾਮਲ ਸਨ।