ਲਖਨਊ : ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਕਰੀਦ ਮੌਕੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿਤਾ ਹੈ। ਯੋਗੀ ਨੇ ਕਿਹਾ ਹੈ ਕਿ ਬਕਰੀਦ ਮੌਕੇ 50 ਤੋਂ ਵੱਧ ਲੋਕ ਇਕ ਥਾਂ ਇਕੱਠੇ ਨਾ ਹੋਣ। ਯੋਗੀ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਗਾਂ, ਊਠ ਅਤੇ ਪਾਬੰਦੀਸ਼ੁਦਾ ਜਾਨਵਰਾਂ ਦੀ ਕੁਰਬਾਨੀ ਨਾ ਹੋਵੇ। ਕੁਰਬਾਨੀ ਤੈਅ ਜਾਂ ਨਿਜੀ ਸਥਾਨਾਂ ’ਤੇ ਹੀ ਕੀਤੀ ਜਾਵੇ। ਬਕਰੀਦ ਮੌੇਕੇ ਸਫ਼ਾਈ ਦਾ ਵੀ ਧਿਆਨ ਰਖਿਆ ਜਾਵੇ। ਕੋਰੋਨਾ ਦੇ ਨਿਯਮਾਂ ਦਾ ਵੀ ਖ਼ਿਆਲ ਰਖਿਆ ਜਾਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਬਕਰੀਦ ਦਾ ਤਿਉਹਾਰ ਪੈਗੰਬਰ ਹਜ਼ਰਤ ਇਬਰਾਹਿਮ ਦੁਆਰਾ ਅੱਲ੍ਹਾ ਪ੍ਰਤੀ ਪ੍ਰੇਮ ਅਤੇ ਤਿਆਗ ਦੀ ਭਾਵਨਾ ਨੂੰ ਯਾਦ ਕਰਦੇ ਹੋਏ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 21 ਜੁਲਾਈ ਨੂੰ ਮਨਾਇਆ ਜਾਵੇਗਾ। ਯੂਪੀ ਦੇ ਕਈ ਮੁਸਲਿਮ ਆਗੂਆਂ ਨੇ ਕੋਰੋਨਾ ਲਾਗ ਕਾਰਨ ਬਕਰੀਦ ਦੀ ਨਮਾਜ਼ ਮੁਹੱਲੇ ਦੀਆਂ ਮਸਜਿਦਾਂ ਵਿਚ ਹੀ ਅਦਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਇਲਾਵਾ ਲਗਾਤਾਰ ਦੂਜੇ ਸਾਲ ਬਕਰੀਦ ਮੌਕੇ ਊਠਾਂ ਦੀ ਕੁਰਬਾਨੀ ਨਹੀਂ ਕੀਤੀ ਜਾਵੇਗੀ, ਸਰਕਾਰ ਨੇ ਇਸ ’ਤੇ ਰੋਕ ਲਗਾ ਦਿਤੀ ਹੈ।