ਮੱਕਾ : ਕੋਰੋਨਾ ਲਾਗ ਦੀਆਂ ਪਾਬੰਦੀਆਂ ਵਿਚਾਲੇ 17 ਜੁਲਾਈ ਤੋਂ ਹੱਜ ਯਾਤਰਾ ਦੀ ਸ਼ੁਰੂਆਤ ਹੋ ਗਈ। ਇਸ ਸਾਲ ਸਿਰਫ਼ ਸਾਊਦੀ ਅਰਬ ਦੇ ਅਜਿਹੇ 60 ਹਜ਼ਾਰ ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਜੋ ਵੈਕਸੀਨ ਦੀਆਂ ਦੋਵੇਂ ਖ਼ੁਰਾਕਾ ਲੈ ਚੁਕੇ ਹਨ। ਕੋਵਿਡ ਮਹਾਂਮਾਰੀ ਨੂੰ ਵੇਖਦੇ ਹੋਏ ਦੂਜੇ ਦੇਸ਼ਾ ਦੇ ਲੋਕਾਂ ਨੂੰ ਆਉਣ ਦੀ ਆਗਿਆ ਨਹੀਂ ਮਿਲੀ। ਕੋਰੋਨਾ ਤੋਂ ਪਹਿਲਾਂ ਹਰ ਸਾਲ ਇਥੇ 25 ਲੱਖ ਤਕ ਯਾਤਰੀ ਆਉਂਦੇ ਸਨ। ਹੱਜ 22 ਜੁਲਾਈ ਤਕ ਚੱਲੇਗਾ। ਪਹਿਲਾਂ ਦੁਨੀਆਂ ਦੇ ਕੋਨੇ ਕੋਨੇ ਵਿਚੋਂ ਯਾਤਰੀ ਇਥੇ ਹੱਜ ਲਈ ਆਉਂਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਸਾਊਦੀ ਅਰਬ ਦੇ ਮੱਕਾ ਵਿਚ ਮਸਜਿਦ ਅਲ ਹਰਮ ਵਿਚ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸਥਾਨ ਕਾਬਾ ਹੈ। ਇਥੇ ਆ ਕੇ ਇਬਾਦਤ ਕਰਨਾ ਮੁਸਲਮਾਨਾਂ ਲਈ ਫ਼ਰਦ ਯਾਨੀ ਮਜ਼ਹਬੀ ਫ਼ਰਜ਼ ਹੈ। ਜਿਹੜੇ ਲੋਕ ਆਰਥਕ ਅਤੇ ਸਰੀਰਕ ਰੂਪ ਵਿਚ ਸਮਰੱਥ ਹਨ, ਉਨ੍ਹਾਂ ਨੇ ਜ਼ਿੰਦਗੀ ਵਿਚ ਇਕ ਵਾਰ ਹੱਜ ਯਾਤਰਾ ’ਤੇ ਆਉਣਾ ਹੀ ਹੁੰਦਾ ਹੈ। ਹਰ ਮੁਸਲਮਾਨ ਦੀ ਇੱਛਾ ਹੁੰਦੀ ਹੈ ਕਿ ਉਹ ਹੱਜ ਯਾਤਰਾ ’ਤੇ ਆਵੇ ਪਰ ਅਜਿਹੇ ਲੱਖਾਂ ਮੁਸਲਮਾਨ ਵੀ ਹਨ ਜਿਹੜੇ ਜ਼ਿੰਦਗੀ ਭਰ ਹੱਜ ਯਾਤਰਾ ’ਤੇ ਨਹੀਂ ਜਾ ਸਕਦੇ।