ਤਹਿਰਾਨ : ਇਰਾਕ ਦੇ ਸਦਰ ਸ਼ਹਿਰ ਵਿਚ ਆਤਮਘਾਤੀ ਬੰਬ ਧਮਾਕੇ ਵਿਚ 35 ਜਣਿਆਂ ਦੀ ਜਾਨ ਚਲੀ ਗਈ ਅਤੇ 60 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਧਮਾਕਾ ਸੋਮਵਾਰ ਸ਼ਾਮ ਨੂੰ ਬਾਜ਼ਾਰ ਵਿਚ ਹੋਇਆ। ਮੰਗਲਵਾਰ ਨੂੰ ਈਦ ਹੋਣ ਕਾਰਨ ਬਾਜ਼ਾਰ ਵਿਚ ਕਾਫ਼ੀ ਭੀੜ ਸੀ। ਇਸ ਲਈ ਅਤਿਵਾਦੀਆਂ ਨੇ ਇਸ ਥਾਂ ਨੂੰ ਚੁਣਿਆ। ਇਸ ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਆਈ.ਐਸ. ਨੇ ਲਈ ਹੈ। ਆਈ.ਐਸ. ਦਾ ਕਹਿਣਾ ਹੈ ਕਿ ਉਸ ਦੇ ਇਕ ਅਤਿਵਾਦੀ ਨੇ ਭੀੜ ਵਿਚਾਲੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ। ਰਾਇਟਰਜ਼ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਖ਼ਮੀਆਂ ਵਿਚੋਂ ਕਈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਮਲੇ ਦੇ ਬਾਅਦ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਹਲ ਕਾਧੇਮੀ ਨੇ ਸੁਰੱਖਿਆ ਕਮਾਂਡਰਾਂ ਦੀ ਐਮਰਜੈਂਸੀ ਬੈਠਕ ਬੁਲਾਈ। ਰਾਸ਼ਟਰਪਤੀ ਬਰਹਾਮ ਸਾਲੇਹ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਇਕ ਭਿਆਨਕ ਅਪਰਾਧ ਨਾਲ ਕੁਝ ਲੋਕ ਈਦ ਤੋਂ ਪਹਿਲਾਂ ਸਦਰ ਸ਼ਹਿਰ ਵਿਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਅਸੀਂ ਤਦ ਤਕ ਆਰਾਮ ਨਹੀਂ ਕਰਾਂਗੇ ਜਦ ਤਕ ਅਤਿਵਾਦ ਜੜ੍ਹ ਤੋਂ ਖ਼ਤਮ ਨਾ ਹੋ ਜਾਵੇ। ਇਸ ਸਾਲ ਅਪ੍ਰੈਲ ਵਿਚ ਵੀ ਇਰਾਕ ਦੇ ਸਦਰ ਸ਼ਹਿਰ ਦੇ ਇਕ ਬਾਜ਼ਾਰ ਵਿਚ ਕਾਰ ਵਿਚ ਧਮਾਕਾ ਹੋਇਆ ਸੀ। ਇਸ ਵਿਚ 4 ਜਣੇ ਮਾਰੇ ਗਏ ਸਨ ਅਤੇ 20 ਜ਼ਖ਼ਮੀ ਹੋਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਵੀ ਆਈਐਸ ਨੇ ਲਈ ਸੀ। ਜਨਵਰੀ ਵਿਚ ਸੈਂਟਰਲ ਬਗਦਾਦ ਤਾਇਰਾਨ ਸਕਵਾਇਰ ਮਾਰਕੀਟ ਵਿਚ ਹੋਏ ਸੁਸਾਇਡ ਬੰਬ ਹਮਲੇ ਦੀ ਜ਼ਿੰਮੇਵਾਰੀ ਵੀ ਆਈਐਸ ਨੇ ਲਈ ਸੀ। ਇਸ ਧਮਾਕੇ ਵਿਚ 30 ਜਣੇ ਮਾਰੇ ਗਏ ਸਨ।