ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਪ੍ਰੋਗਰਾਮ ਵਿਚ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਦ ਤਕ ਦੇਸ਼ ਤੋਂ ਭਾਜਪਾ ਨਹੀਂ ਹਟਦੀ, ਤਦ ਤਕ ਸਾਰੇ ਰਾਜਾਂ ਵਿਚ ‘ਖੇਲਾ’ ਹੋਵੇਗਾ ਅਤੇ ਉਹ 16 ਅਗਸਤ ਨੂੰ ‘ਖੇਲਾ ਦਿਵਸ’ ਮਨਾਉਣਗੇ। ਉਨ੍ਹਾਂ ਕਿਹਾ, ‘ਅਸੀਂ ਗਰੀਬ ਬੱਚਿਆਂ ਨੂੰ ਫ਼ੁਟਬਾਲ ਦੇਵਾਂਗੇ। ਅੱਜ ਸਾਡੀ ਆਜ਼ਾਦੀ ਦਾਅ ’ਤੇ ਹੈ। ਭਾਜਪਾ ਨੇ ਸਾਡੀ ਆਜ਼ਾਦੀ ਨੂੰ ਖ਼ਤਰੇ ਵਿਚ ਪਾ ਦਿਤਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਅਪਣੇ ਹੀ ਮੰਤਰੀਆਂ ’ਤੇ ਭਰੋਸਾ ਨਹੀਂ ਅਤੇ ਉਹ ਏਜੰਸੀਆਂ ਦੀ ਦੁਰਵਰਤੋਂ ਕਰਦੇ ਹਨ। ਮਮਤਾ ਨੇ ਭਾਜਪਾ ’ਤੇ ਸੰਘੀ ਢਾਂਚੇ ਨੂੰ ਡੇਗਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਾਡੇ ਫ਼ੋਨ ਟੈਪ ਹੋ ਰਹੇ ਹਨ। ਪੇਗਾਸਸ ਖ਼ਤਰਨਾਕ ਅਤੇ ਕਰੂਰ ਹੈ। ਉਨ੍ਹਾਂ ਕਿਹਾ, ‘ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਦੀ। ਤੁਸੀਂ ਜਾਸੁੂਸੀ ਲਈ ਬਹੁਤ ਜ਼ਿਆਦਾ ਪੈਸਾ ਦੇਰਹੇ ਹੋ। ਮੈਂ ਅਪਣਾ ਫ਼ੋਨ ਪਲਾਸਟਰ ਕਰ ਦਿਤਾ ਹੈ। ਸਾਨੂੰ ਵੀ ਕੇਂਦਰ ’ਤੇ ਪਲਾਸਟਰ ਕਰਨਾ ਚਾਹੀਦਾ ਹੈ, ਨਹੀਂ ਤਾਂ ਦੇਸ਼ ਤਬਾਹ ਹੋ ਜਾਵੇਗਾ। ਭਾਜਪਾ ਨੇ ਸੰਘੀ ਢਾਂਚ ਨੂੰ ਤਹਿਸ-ਨਹਿਰ ਕਰ ਦਿਤਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੁਆਰਾ ਤੇਲ ’ਤੇ ਕਰਾਂ ਜ਼ਰੀਏ ਇਕੱਠਾ ਕੀਤਾ ਗਿਆ ਪੈਸਾ ਜਾਸੂਸੀ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਭਾਜਪਾ ਭਾਰਤ ਨੂੰ ਜਮਹੂਰੀ ਦੇਸ਼ ਦੀ ਬਜਾਏ ਨਿਗਰਾਨੀ ਵਾਲੇ ਦੇਸ਼ ਵਿਚ ਬਦਲਣਾ ਚਾਹੁੰਦੀ ਹੈ। ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ, ‘ਮੈਂ ਦੇਸ ਅਤੇ ਰਾਜ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ। ਅਸੀਂ ਪੈਸੇ, ਬਾਹੂਬਲ, ਮਾਫ਼ੀਆ ਅਤੇ ਸਾਰੀਆਂ ਏਜੰਸੀਆਂ ਵਿਰੁਧ ਲੜਾਈ ਲੜੀ। ਦੁਨੀਆਂ ਦੇ ਲੋਕਾਂ ਦਾ ਆਸ਼ੀਰਵਾਦ ਸਾਨੂੰ ਮਿਲਿਆ।’