ਨਵੀਂ ਦਿੱਲੀ : ਸੰਘ ਮੁਖੀ ਮੋਹਨ ਭਾਗਵਤ ਆਸਾਮ ਦੇ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਅਪਣੇ ਸੰਬੋਧਨ ਵਿਚ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨਾਲ ਕਿਸੇ ਵੀ ਭਾਰਤੀ ਨਾਗਰਿਕ ਨੂੰ ਕੋਈ ਖ਼ਤਰਾ ਨਹੀਂ। ਅਪਣੇ ਸੰਬੋਧਨ ਵਿਚ ਸੰਘ ਮੁਖੀ ਨੇ ਕਿਹਾ ਕਿ ਸੀਏਏ ਭਾਰਤ ਦੇ ਕਿਸੇ ਨਾਗਰਿਕ ਵਿਰੁਧ ਬਣਾਇਆ ਹੋਇਆ ਕਾਨੂੰਨ ਹੈ। ਭਾਰਤ ਦੇ ਨਾਗਰਿਕ ਮੁਸਲਮਾਨਾਂ ਨੂੰ ਸੀਏਏ ਤੋਂ ਕੋਈ ਨੁਕਸਾਨ ਨਹੀਂ ਪਹੁੰਚੇਗਾ। ਵੰਡ ਦੇ ਬਾਅਦ ਭਰੋਸਾ ਦਿਤਾ ਗਿਆ ਕਿ ਅਸੀਂ ਅਪਣੇ ਦੇਸ਼ ਦੀਆਂ ਘੱਟਗਿਣਤੀਆਂ ਦੀ ਚਿੰਤਾ ਕਰਾਂਗੇ। ਅਸੀਂ ਅੱਜ ਤਕ ਉਸ ਦੀ ਪਾਲਣਾ ਕਰ ਰਹੇ ਹਾਂ। ਪਾਕਿਸਤਾਨ ਨੇ ਨਹੀਂ ਕੀਤੀ। ਗੁਹਾਟੀ ਵਿਚ ਭਾਗਵਤ ਨੇ ਕਿਹਾ ਕਿ ਰਾਜਸੀ ਲਾਭ ਲਈ ਇਸ ਨੂੰ ਫ਼ਿਰਕੂ ਰੂਪ ਦਿਤਾ ਗਿਆ ਹੈ। ਉਨ੍ਹਾਂ ਕਿਹਾ, ‘1930 ਤੋਂ ਯੋਜਨਾਬੱਧ ਤਰੀਕੇ ਨਾਲ ਮੁਸਲਮਾਨਾਂ ਦੀ ਗਿਣਤੀ ਵਧਾਉਣ ਦੇ ਯਤਨ ਹੋਏ, ਅਜਿਹਾ ਵਿਚਾਰ ਸੀ ਕਿ ਆਬਾਦੀ ਵਧਾ ਕੇ ਅਪਣੀ ਮਲਕੀਅਤ ਸਥਾਪਤ ਕਰਾਂਗੇ ਅਤੇ ਫਿਰ ਇਸ ਦੇਸ਼ ਨੂੰ ਪਾਕਿਸਤਾਨ ਬਣਾਵਾਂਗੇ। ਇਹ ਵਿਚਾਰ ਪੰਜਾਬ, ਸਿੰਧ, ਆਸਾਮ ਅਤੇ ਬੰਗਾਲ ਬਾਰੇ ਸੀ, ਕੁਝ ਮਾਤਰਾ ਵਿਚ ਇਹ ਸੱਚ ਹੋਇਆ, ਭਾਰਤ ਦੀ ਵੰਡ ਹੋਈ ਅਤੇ ਪਾਕਿਸਤਾਨ ਬਣ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਪੂਰਾ ਚਾਹੀਦਾ ਸੀ, ਤਿਵੇਂ ਨਹੀਂ ਹੋਇਆ। ਸਾਨੂੰ ਦੁਨੀਆਂ ਵਿਚ ਧਰਮਨਿਰਪੱਖਤਾ, ਸਮਾਜਵਾਦ, ਲੋਕਤੰਤਰ ਸਿੱਖਣ ਦੀ ਲੋੜ ਨਹੀਂ ਹੈ। ਇਹ ਸਾਡੀਆਂ ਰਵਾਇਤਾਂ ਵਿਚ ਹੈ, ਸਾਡੇ ਖ਼ੂਨ ਵਿਚ ਹੈ।’