ਨਵੀਂ ਦਿੱਲੀ : ਵੱਖ ਵੱਖ ਮੁੱਦਿਆਂ ’ਤੇ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਅੱਜ ਦੋ ਵਾਰ ਮੁਲਤਵੀ ਕੀਤੇ ਜਾਣ ਦੇ ਬਾਅਦ ਆਖ਼ਰ ਦਿਨ ਭਰ ਲਈ ਉਠਾ ਦਿਤੀ ਗਈ। ਹੰਗਾਮੇ ਕਾਰਨ ਸੂਚਨਾ ਅਤੇ ਤਕਨੀਕ ਮੰਤਰੀ ਅਸ਼ਵਨੀ ਵੈਸ਼ਨਵ ‘ਪੇਗਾਸਸ ਵਿਵਾਦ’ ਬਾਰੇ ਅਪਣਾ ਬਿਆਨ ਢੰਗ ਨਾਲ ਨਾ ਦੇ ਸਕੇ। ਉਨ੍ਹਾਂ ਇਸ ਨੂੰ ਸਦਨ ਵਿਚ ਰਖਿਆ। ਹੰਗਾਮੇ ਕਾਰਨ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਵੀ ਨਹੀਂ ਚੱਲ ਸਕੇ। ਦੋ ਵਾਰ ਕਾਰਵਾਈ ਰੁਕਣ ਮਗਰੋਂ ਜਦੋਂ 2 ਵਜੇ ਮੁੜ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਪ ਸਭਾਪਤੀ ਹਰੀਵੰਸ਼ ਨੇ ਬਿਆਨ ਦੇਣ ਲਈ ਵੈਸ਼ਨਵ ਦਾ ਨਾਮ ਲਿਆ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ। ਉਨ੍ਹਾਂ ਜਿਉਂ ਹੀ ਬਿਆਨ ਦੀ ਸ਼ੁਰੂਆਤ ਕੀਤੀ ਕਿ ਹੰਗਾਮਾ ਤੇਜ਼ ਹੋ ਗਿਆ। ਹੰਗਾਮੇ ਕਾਰਨ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਸਕੀ। ਉਪ ਸਭਾਪਤੀ ਨੇ ਵਿਰੋਧੀ ਧਿਰਾਂ ਦੇ ਰਵਈਏ ਨੂੰ ਅਸੰਸਦੀ ਕਰਾਰ ਦਿਤਾ ਅਤੇ ਕੇਂਦਰੀ ਮੰਤਰੀ ਨੂੰ ਬਿਆਨ ਨੂੰ ਸਦਨ ਦੇ ਪਟਲ ’ਤੇ ਰੱਖਣ ਲਈ ਕਿਹਾ। ਇਸ ਦੇ ਬਾਅਦ ਬਿਆਨ ਪਟਲ ’ਤੇ ਰਖਿਆ ਗਿਆ ਅਤੇ ਉਪ ਸਭਾਪਤੀ ਨੇ ਕਾਰਵਾਈ ਦਿਨ ਭਰ ਲਈ ਰੋਕ ਦਿਤੀ। ਪੇਗਾਸਸ ਸਾਫ਼ਟਵੇਅਰ ਜ਼ਰੀਏ ਭਾਰਤੀਆਂ ਦੀ ਜਾਸੂਸੀ ਕਰਨ ਸਬੰਧੀ ਖ਼ਬਰਾਂ ਨੂੰ ਸਰਕਾਰ ਨੇ ਪਹਿਲਾਂ ਹੀ ਸਿਰੇ ਤੋਂ ਰੱਦ ਕਰ ਦਿਤਾ ਸੀ। ਵੈਸ਼ਨਵ ਨੇ ਪਿਛਲੇ ਦਿਨੀਂ ਲੋਕ ਸਭਾ ਵਿਚ ਕਿਹਾ ਸੀ ਕਿ ਸੰਸਦ ਦੇ ਮਾਨਸੂਨ ਇਜਲਾਸ ਤੋਂ ਠੀਕ ਪਹਿਲਾਂ ਲਾਏ ਗਏ ਇਹ ਦੋਸ਼ ਭਾਰਤੀ ਜਮਹੂਰੀਅਤ ਦਾ ਅਕਸ ਖ਼ਰਾਬ ਕਰਨ ਦਾ ਯਤਨ ਹਨ। ਇਸ ਤੋਂ ਪਹਿਲਾਂ ਦੁਪਹਿਰ 12 ਵਜੇ ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਪ ਸਭਾਪਤੀ ਨੇ ਪ੍ਰਸ਼ਨਕਾਲ ਲਈ ਮੈਂਬਰ ਦਾ ਨਾਮ ਪੁਕਾਰਿਆ ਪਰ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ। ਉਨ੍ਹਾਂ ਕਿਹਾ, ‘ਪ੍ਰਸ਼ਨਕਾਲ ਮੈਂਬਰਾਂ ਦੇ ਸਵਾਲ ਲਈ ਹਨ, ਸਵਾਲ ਜਵਾਬ ਮੈਂਬਰਾਂ ਲਈ ਬਹੁਤ ਅਹਿਮ ਹੈ। ਤੁਸੀਂ ਸਦਨ ਨਹੀਂ ਚਲਾਉਣਾ ਚਾਹੁੰਦੇ, ਤੁਸੀਂ ਆਪੋ ਅਪਣੀ ਥਾਂ ’ਤੇ ਜਾਉ।