ਮੈਡਿਰਿਡ: ਸਪੇਨ ਦੀ ਸੰਸਦ ਵਿਚ ਕਲ ਕੰਮਕਾਜ ਚੱਲ ਰਿਹਾ ਸੀ। ਸੰਸਦ ਮੈਂਬਰ ਅਹਿਮ ਮਸਲੇ ’ਤੇ ਵੋਟ ਪਾਉਣ ਵਾਲੇ ਸਨ। ਇਸ ਦੌਰਾਨ ਉਥੇ ਚੂਹਾ ਵੜ ਗਿਆ। ਅਚਾਨਕ ਅਫਰਾ-ਤਫਰੀ ਮਚ ਗਈ ਅਤੇ ਕੰਮਕਾਜ ਠੱਪ ਹੋ ਗਿਆ। ਕੁਝ ਲੋਕ ਚੂਹੇ ਨੂੰ ਲੱਭਣ ਵਿਚ ਲੱਗ ਗਏ ਤਾਂ ਕੁਝ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟ ਗਏ। ਵੀਡੀਉ ਵਿਚ ਦਿਸ ਰਿਹਾ ਹੈ ਕਿ ਜਿਉਂ ਹੀ ਸੰਸਦ ਦੀ ਸਪੀਕਰ ਦੀ ਨਜ਼ਰ ਚੂਹੇ ’ਤੇ ਪੈਂਦੀ ਹੈ ਤਾਂ ਉਸ ਦੀ ਚੀਕ ਨਿਕਲ ਪੈਂਦੀ ਹੈ। ਹਾਲ ਵਿਚ ਬੈਠੇ ਬਾਕੀ ਸੰਸਦ ਮੈਂਬਰ ਵੀ ਅਪਣੀਆਂ ਕੁਰਸੀਆਂ ਛੱਡ ਕੇ ਖੜੇ ਹੋ ਜਾਂਦੇ ਹਨ ਅਤੇ ਚੂਹੇ ਨੂੰ ਵੇਖਣ ਲਗਦੇ ਹਨ। ਸੰਸਦ ਘਬਰਾਏ ਹੋਏ ਦਿਸ ਰਹੇ ਹਨ। ਸ਼ਾਂਤ ਰਹਿਣ ਦੀ ਅਪੀਲ ਦੇ ਬਾਵਜੂਦ ਕਈ ਮੈਂਬਰ ਚੀਕਾਂ ਮਾਰ ਰਹੇ ਸਨ ਅਤੇ ਇੱਧਰ ਉਧਰ ਦੌੜਦੇ ਵੇਖੇ ਜਾ ਸਕਦੇ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਇਸ ਦੀ ਵੀਡੀਉ ਸਾਂਝੀ ਕੀਤੀ ਜੋ ਸੋਸ਼ਲ ਮੀਡੀਆ ਵਿਚ ਫੈਲ ਗਈ। ਵੀਡੀਉ ਵੇਖਣ ਮਗਰੋਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਟਿਪਣੀਆਂ ਕੀਤੀਆਂ। ਕਈਆਂ ਨੇ ਲਿਖਿਆ ਕਿ ਸੰਸਦ ਵਿਚ ਬਿੱਲੀ ਦੀ ਲੋੜ ਹੈ। ਰੀਪੋਰਟਾਂ ਮੁਤਾਬਕ ਚੂਹਾ ਕਾਫ਼ੀ ਵੱਡਾ ਸੀ। ਕਈ ਮੈਂਬਰ ਤਾਂ ਕੁਝ ਸਮੇਂ ਲਈ ਡਰ ਵੀ ਗਏ ਸਨ। ਚੂਹੇ ਨੂੰ ਸੰਸਦ ਦੇ ਮੁਲਾਜ਼ਮਾਂ ਨੇ ਫੜਿਆ ਅਤੇ ਬਾਹਰ ਲੈ ਗਏ। ਇਸ ਤਰ੍ਹਾਂ ਸੰਸਦ ਦਾ ਕੰਮ ਮੁੜ ਸ਼ੁਰੂ ਹੋ ਸਕਿਆ।