ਲਖਨਊ: ਯੂਪੀ ਦੇ ਦੇਵਰੀਆ ਵਿਚ ਭਤੀਜਾ ਦਾ ਜੀਨਜ਼ ਪਾਉਣਾ ਚਾਚੇ ਨੂੰ ਪਸੰਦ ਨਹੀਂ ਆਇਆ। ਦੋਸ਼ ਹੈ ਕਿ ਭਤੀਜੀ ਨੇ ਜਦ ਗੱਲ ਨਹੀਂ ਮੰਨੀ ਤਾਂ ਚਾਚੇ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿਤਾ। ਕੁੱਟਮਾਰ ਵਿਚ ਕੁੜੀ ਦੇ ਦਾਦੇ ਨੇ ਵੀ ਸਾਥ ਦਿਤਾ। ਫਿਰ ਹਤਿਆ ਨੂੰ ਲੁਕਾਉਣ ਲਈ ਉਹ ਲਾਸ਼ ਬਾਹਰ ਸੁੱਟਣ ਚਲੇ ਗਏ। ਰਸਤੇ ਵਿਚ ਨਦੀ ਸੀ। ਪੁਲਸ ਤੋਂ ਲਾਸ਼ ਹੇਠਾਂ ਸੁੱਟ ਰਹੇ ਸੀ ਕਿ ਕੁੜੀ ਦਾ ਪੈਰ ਜੰਗਲੇ ਵਿਚ ਫਸ ਗਿਆ। ਇਸ ਕਾਰਨ ਲਾਸ਼ ਨਦੀ ਵਿਚ ਡੇਗਣ ਦੀ ਬਜਾਏ ਪੁਲ ’ਤੇ ਹੀ ਲਟਕ ਗਈ। ਇਹ ਵੇਖ ਕੇ ਦੋਸ਼ੀ ਚਾਚਾ ਅਤੇ ਦਾਦਾ ਘਬਰਾ ਗਏ ਅਤੇ ਕਾਹਲੀ ਵਿਚ ਲਾਸ਼ ਨੂੰ ਉਥੇ ਹੀ ਛੱਡ ਕੇ ਦੌੜ ਗਏ। ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਚਾਚਾ ਅਰਵਿੰਦ ਅਤੇ ਦਾਦਾ ਪਰਮਹੰਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਵਿਚ 10 ਜਣਿਆਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪਪੁਲਿਸ ਮੁਤਾਬਕ ਪਿੰਡ ਸੰਵਰੇਜੀ ਖਰਗ ਵਿਚ ਰਹਿਣ ਵਾਲੇ ਅਮਰਨਾਥ ਪਾਸਵਾਨ ਲੁਧਿਆਣਾ ਵਿਚ ਨੌਕਰੀ ਕਰਦੇ ਹਨ। ਮਾਂ ਸ਼ਕੁੰਤਲਾ ਦੇਵੀ ਨੇ ਦਸਿਆ ਕਿ 16 ਸਾਲ ਦੀ ਬੇਟੀ ਨੇਹਾ ਕੁਝ ਦਿਨ ਪਹਿਲਾਂ ਲੁਧਿਆਣੇ ਤੋਂ ਪਿੰਡ ਆਈ ਸੀ। ਉਹ ਸ਼ਹਿਰ ਵਾਂਗ ਜੀਨਾਂ ਪਾਉਣ ਲੱਗ ਗਈ। ਨੇਹਾ ਨੂੰ ਉਸ ਦੇ ਚਾਚੇ ਨੇ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਾ ਮੰਨੀ। ਫਿਰ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕੰਧ ਨਾਲ ਸਿਰ ਵੱਜਣ ਕਰਕੇ ਨੇਹਾ ਦੀ ਮੌਤ ਹੋ ਗਈ। ਕੁੱਟਮਾਰ ਵਿਚ ਪਰਵਾਰ ਦੇ ਦੂਜੇ ਜੀਆਂ ਨੇ ਵੀ ਸਾਥ ਦਿਤਾ।