ਬੋਲਡਕ : ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਸਪਿਨ ਬੋਲਡਕ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ 100 ਲੋਕਾਂ ਦੀ ਬੇਦਰਦੀ ਨਾਲ ਹਤਿਆ ਕਰ ਦਿਤੀ ਗਈ ਹੈ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਹਤਿਆਵਾਂ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਜਿਸ ਵਿਚ ਦਸਿਆ ਗਿਆ ਸੀ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ 90 ਫੀਸਦੀ ਬਾਰਡਰ ਇਲਾਕਿਆਂ ’ਤੇ ਅਪਣਾ ਕਬਜ਼ਾ ਕਰ ਲਿਆ ਹੈ। ਪਿਛਲੇ ਹਫਤੇ ਤਾਲਿਬਾਨ ਨੇ ਸਪਿਨ ਬੋਲਡਰ ਜ਼ਿਲ੍ਹੇ ’ਤੇ ਵੀ ਹਮਲਾ ਕੀਤਾ ਸੀ। 100 ਲੋਕਾਂ ਦੀ ਦਰਦਨਾਕ ਮੌਤ ਨਾਲ ਪੂਰਾ ਅਫਗਾਨਿਸਤਾਨ ਦੁੱਖ ਵਿਚ ਹੈ। ਦਸਿਆ ਗਿਆ ਹੈ ਕਿ 100 ਲੋਕਾਂ ਦੀਆਂ ਲਾਸ਼ਾਂ ਹਾਲੇ ਵੀ ਜ਼ਮੀਨ ’ਤੇ ਹੀ ਪਈ ਹੈ। ਤਾਲਿਬਾਨ ਨੇ ਕਬਜ਼ਾ ਕਰਨ ਦੇ ਬਾਅਦ ਨਾਗਰਿਕਾਂ ਦੇ ਘਰਾਂ ਨੂੰ ਲੁੱਟ ਲਿਆ, ਉਥੇ ਅਪਣੇ ਝੰਡੇ ਲਹਿਰਾਏ ਅਤੇ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਹਾਲਾਂਕਿ ਤਾਲਿਬਾਨ ਨੇ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਸ ਨੇ ਨਾਗਰਿਕਾਂ ਦੀ ਹਤਿਆ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੀਰਵਾਇਸ ਸਟੇਨਕਜ਼ਈ ਨੇ ਕਿਹਾ, ‘ਅਪਣੇ ਪੰਜਾਬੀ ਆਕਾਵਾਂ ਯਾਨੀ ਪਾਕਿਸਤਾਨ ਦੇ ਹੁਕਮ ’ਤੇ ਕਰੂਰ ਅਤਿਵਾਦੀਆਂ ਨੇ ਸਪਿਨ ਬੋਲਡਕ ਦੇ ਕੁਝ ਇਲਾਕਿਆਂ ਵਿਚ ਨਿਰਦੋਸ਼ ਅਫਗਾਨਾਂ ਦੇ ਘਰਾਂ ’ਤੇ ਹਮਲਾ ਕੀਤਾ, ਘਰਾਂ ਨੂੰ ਲੁੱਟ ਲਿਆ ਅਤੇ 100 ਨਿਰਦੋਸ਼ ਲੋਕਾਂ ਨੂੰ ਸ਼ਹੀਦ ਕਰ ਦਿਤਾ। ਇਸ ਨਾਲ ਹੀ ਕਰੂਰ ਦੁਸ਼ਮਣ ਦੇ ਅਸਲੀ ਚਿਹਰੇ ਦਾ ਖੁਲਾਸਾ ਹੁੰਦਾ ਹੈ। ਪਿਛਲੇ ਹਫਤੇ ਤਾਲਿਬਾਨ ਨੇ ਸਪਿਨ ਬੋਲਡਕ ’ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਜ਼ਰੀਏ ਤੋੜਫੋੜ ਕੀਤੀ ਸੀ। ਕੰਧਾਰ ਦੀ ਸੂਬਾਈ ਪਰਿਸ਼ਦ ਦੇ ਇਕ ਮੈਂਬਰ ਨੇ ਦਸਿਆ ਕਿ ਅਗਿਆਤ ਬੰਦੂਕਧਾਰੀਆਂ ਨੇ ਈਦ ਤੋਂ ਇਕ ਦਿਨ ਪਹਿਲਾਂ ਉਸ ਦੇ ਦੋ ਬੇਟਿਆਂ ਨੂੰ ਘਰੋਂ ਕੱਢ ਦਿਤਾ ਅਤੇ ਫਿਰ ਉਸ ਦੀ ਹਤਿਆ ਕਰ ਦਿਤੀ।