ਨਵੀਂ ਦਿੱਲੀ : ਕਾਂਗਰਸ ਅਤੇ ਕੁਝ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਪੇਗਾਸਸ ਸਪਾਈਵੇਅਰ ਦੀ ਵਰਤੋਂ ਕਰ ਕੇ ਰਾਹੁਲ ਗਾਂਧੀ ਸਮੇਤ ਕਈ ਪ੍ਰਮੁੱਖ ਵਿਅਕਤੀਆਂ ਦੀ ਕਥਿਤ ਤੌਰ ’ਤੇ ਜਾਸੂਸੀ ਕੀਤੇ ਜਾਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਆਇਕ ਜਾਂਚ ਦੀ ਮੰਗ ਕਰਦਿਆਂ ਸੰਸਦ ਭਵਨ ਦੇ ਵਿਹੜੇ ਪ੍ਰਦਰਸ਼ਨ ਕੀਤਾ। ਲੋਕ ਸਭਾ ਅਤੇ ਰਾਜ ਸਭਾ ਦੇ ਕਈ ਕਾਂਗਰਸ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਰਾਜ ਸਭਾ ਵਿਚ ਨੇਤਾ ਵਿਰੋਧੀ ਧਿਰ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਡੀਐਮਕੇ ਆਗੁ ਕਨੀਮੋਈ ਅਤੇ ਸ਼ਿਵ ਸੈਲਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਅਤੇ ਕਈ ਹੋਰ ਸੰਸਦ ਮੈਂਬਰ ਇਸ ਮੌਕੇ ਮੌਜੂਦ ਸਨ। ਸੰਸਦ ਮੈਂਬਰਾਂ ਨੇ ਅਪਣੇ ਹੱਥਾਂ ਵਿਚ ਵੱਡਾ ਬੈਨਰ ਫੜਿਆ ਹੋਇਆ ਸੀ ਜਿਸ ’ਤੇ ‘ਅਸੀਂ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਨਿਆਇਕ ਜਾਂਚ ਦੀ ਮੰਗ ਕਰਦੇ ਹਾਂ’ ਲਿਖਿਆ ਹੋਇਆ ਸੀ। ਉਨ੍ਹਾਂ ‘ਜਾਸੂਸੀ ਬੰਦ ਕਰੋ’ ਅਤੇ ‘ਪ੍ਰਧਾਨ ਮੰਤਰੀ ਸਦਨ ਵਿਚ ਆਉ’ ਦੇ ਨਾਹਰੇ ਵੀ ਲਾਏ। ਜ਼ਿਕਰਯੋਗ ਹੈ ਕਿ ਮੀਡੀਆ ਅਦਾਰਿਆਂ ਨੇ ਦਾਅਵਾ ਕੀਤਾ ਹੈ ਕਿ ਕੇਵਲ ਸਰਕਾਰੀ ਏਜੰਸੀਆਂ ਨੂੰ ਹੀ ਵੇਚੇ ਜਾਣ ਵਾਲੇ ਇਜ਼ਰਾਇਲ ਦੇ ਜਾਸੂਸੀ ਸਾਫ਼ਟਵੇਅਰ ਜ਼ਰੀਏ ਭਾਰਤ ਦੇ ਕੁਝ ਰਸੂਖਦਾਰ ਲੋਕਾਂ ਦੇ 300 ਤੋਂ ਵੱਧ ਮੋਬਾਈਲ ਨੰਬਰ ਟੈਪ ਕੀਤੇ ਗਏ ਹਨ।