202 ਕਿਲੋਗ੍ਰਾਮ ਵਜ਼ਨ ਚੁੱਕ ਕੇ ਜਿੱਤਿਆ ਚਾਂਦੀ ਦਾ ਤਮਗ਼ਾ
ਟੋਕੀਓ: ਟੋਕੀਓ ਓਲੰਪਿਕਸ ਦੇ ਪਹਿਲੇ ਦਿਨ ਭਾਰਤ ਦੀ ਮਹਿਲਾ ਵੈਟਲਿਫ਼ਟਰ ਮੀਰਬਾਈ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ ਵਿਚ 202 ਕਿਲੋਗਾ੍ਰਮ ਭਾਰ ਚੁੱਕ ਕੇ ਚਾਂਦੀ ਦਾ ਤਮਗ਼ਾ ਆਪਣੇ ਨਾਮ ਕਰ ਲਿਆ ਹੈ ਜਦਕਿ ਚੀਨ ਦੀ ਹੋਡ ਜਿਹੂਈ ਨੇ 210 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨ ਮੈਡਲ ਜਿੱਤਿਆ ਅਤੇ ਇੰਡੋਨੇਸ਼ੀਆ ਦੀ ਵਿੰਡੀ ਨੇ ਕਾਂਸੀ ਦਾ ਤਮਗ਼ਾ ਜਿਤਿਆ। ਉਲੰਪਿਕਸ ਖੇਡਾਂ ਦੇ ਇਤਿਹਾਸ ਵਿਚ ਭਾਰਤ ਦਾ ਇਹ ਪੰਜਵਾਂ ਮੈਡਲ ਹੈ। ਮੀਰਾਬਾਈ ਚਾਨੂ ਦੀ ਇਸ ਪ੍ਰਾਪਤ ਲਈ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿਤੀ ਹੈ।
ਮੀਰਾਬਾਈ ਚਾਨੂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨੈਚ ਵਿਚ 87 ਕਿਲੋਗ੍ਰਾਮ ਭਾਰ ਚੁਕਿਆ ਅਤੇ ਜਰਕ ਵਿਚ 115 ਕਿਲੋਗਾ੍ਰਮ ਭਾਰ ਚੁਕਿਆ ਅਤੇ ਭਾਰਤ ਦੀ ਝੋਲੀ ਮੈਡਲ ਪਾਉਣ ਵਿਚ ਸਫ਼ਲ ਰਹੀ। ਮੀਰਾਬਾਈ ਚਾਨੂ ਭਾਰਤ ਤੋਂ ਰਵਾਨਾ ਹੋਣ ਸਮੇਂ ਇਹ ਵਾਅਦਾ ਕਰ ਕੇ ਗਈ ਸੀ ਕਿ ਉਹ ਭਾਰਤ ਲਈ ਮੈਡਲ ਲੈ ਕੇ ਆਵੇਗੀ। ਦਸਣਯੋਗ ਹੈ ਕਿ ਭਾਰਤ ਨੂੰ ਵੈਟਲਿਫ਼ਟਿੰਗ ਵਿਚ 21 ਸਾਲਾ ਬਾਅਦ ਕੋਈ ਮੈਡਲ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਮੀਰਾਬਾਈ ਚਾਨੂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੋਇਆ ਹੈ। ਕੇਂਦਰੀ ਕਾਨੂੰਨ ਮੰਤਰੀ ਅਤੇ ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ ਨੇ ਮੀਰਾਬਾਈ ਚਾਨੂ ਨੂੰ ਟੋਕੀਓ ਉਲੰਪਿਕਸ ਵਿਚ ਮੈਡਲ ਜਿੱਤਣ ਲਈ ਵਧਾਈ ਦਿਤੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੀਰਾਬਾਈ ਚਾਨੂ ਨੇ ਪਹਿਲੇ ਦਿਨ ਹੀ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।