ਟੋਕੀਉ : ਟੋਕੀਉ ਉਲੰਪਿਕ ਵਿਚ ਭਾਰਤ ਦੀਆਂ ਬੇਟੀਆਂ ਦੀ ਸ਼ਾਨਦਾਰ ਖੇਡ ਜਾਰੀ ਹੈ। ਅੱਜ ਮੁੱਕੇਬਾਜ਼ੀ ਵਿਚ ਐਮਸੀ ਮੇਰੀਕਾਮ, ਬੈਡਮਿੰਟਨ ਵਿਚ ਪੀ ਵੀ ਸਿੰਧੂ ਅਤੇ ਟੇਬਲ ਟੈਨਿਸ ਵਿਚ ਮਨਿਕਾ ਬੱਤਰਾ ਨੇ ਆਪੋ ਅਪਣੇ ਮੁਕਾਬਲੇ ਜਿੱਤ ਲਏ। ਹਾਲਾਂਕਿ ਸ਼ੂਟਿੰਗ ਅਤੇ ਟੈਨਿਕ ਵਿਚ ਨਿਰਾਸ਼ਾ ਮਿਲੀ। ਬੈਡਮਿੰਟਨ ਵਿਚ ਪੀ ਵੀ ਸਿੰਧੂ ਨੇ ਇਜ਼ਰਾਇਲ ਦੀ ਮੁਕਾਬਲੇਕਾਰ ਸੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਬਾਕਸਿੰਗ ਵਿਚ ਮੇਰੀਕਾਮ ਨੇ ਰਾਊਂਡ ਆਫ਼ 32 ਦੇ ਮੁਕਾਬਲੇ ਵਿਚ ਡੋਮਨਿਕਲ ਰਿਪਬਿਲਕ ਦੀ ਗਾਰਸੀਆ ਹਰਨਾਡੇਜ਼ ਨੂੰ 4-1 ਨਾਲ ਹਰਾ ਦਿਤਾ। ਟੇਬਲ ਟੈਨਿਕ ਵਿਚ ਬੱਤਰਾ ਨੇ 20ਵੀਂ ਸੀਡ ਯੂੁਕਰੇਨ ਦੀ ਖਿਡਾਰੀ ਨੂੰ ਹਰਾਇਆ। ਰੋਇੰਗ ਤੋਂ ਵੀ ਚੰਗੀ ਖ਼ਬਰ ਆਈ ਹੈ। ਪੁਰਸ਼ਾਂ ਦੇ ਲਾਈਟ ਵੇਟ ਡਬਲਜ਼ ਸਕਲਸ ਇੰਵੈਂਟ ਵਿਚ ਅਰਜੁਨ ਲਾਲ ਅਤੇ ਅਰਵਿੰਦ ਸਿੰਘ ਦੀ ਜੋੜੀ ਰੇਪਚੇਜ਼ ਰੇਸ ਜ਼ਰੀਏ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰ ਗਈ ਹੈ। ਬੈਡਮਿੰਟਨ ਵਿਚ ਮੈਡਲ ਦੀ ਉਮੀਦ ਅਤੇ ਰੀਓ ਦੀ ਸਿਲਵਰ ਮੈਡਲਿਸਟ ਪੀ ਵੀ ਸਿੰਧੂ ਨੇ ਗਰੁਪ ਸਟੇਜ ਵਿਚ ਅਪਣਾ ਪਹਿਲਾ ਮੁਕਾਬਲਾ ਜਿੱਤ ਲਿਆ। ਤਿੰਨ ਬੱਚਿਆਂ ਦੀ ਮਾਂ 38 ਸਾਲ ਦੀ ਮੇਰੀਕਾਮ ਨੂੰ ਪਹਿਲੇ ਦੋ ਪੜਾਵਾਂ ਵਿਚ ਤਕੜੀ ਟੱਕਰ ਮਿਲੀ। ਪਹਿਲੇ ਰਾਊਂਡ ਵਿਚ 3 ਜੱਜਾਂ ਨੇ ਮੇਰੀਕਾਮ ਨੂੰ 10-1 ਪੁਆਇੰਟ ਦਿਤੇ ਜਦਕਿ 2 ਜੱਜਾਂ ਨੇ ਉਸ ਦੀ ਮੁਕਾਬਲੇਕਾਰ ਨੂੰ 10-10 ਪੁਆਇੰਟ ਦਿਤੇ। ਦੂਜੇ ਰਾਊਂਡ ਵਿਚ ਵੀ ਅਜਿਹਾ ਹੀ ਹੋਇਆ ਪਰ ਤੀਜੇ ਰਾਊਂਡ ਵਿਚ ਭਾਰਤੀ ਮੁੱਕੇਬਾਜ਼ ਨੇ ਅਪਣਾ ਪੂਰੀ ਤਾਕਤ ਲਾ ਦਿਤੀ ਅਤੇ ਅਪਣੀ ਮੁਕਾਬਲੇਕਾਰ ਨੂੰ ਟਿਕਣ ਨਹੀਂ ਦਿਤਾ। ਇਸ ਰਾਊਂਡ ਵਿਚ ਤਿੰਨਾਂ ਜੱਜਾਂ ਨੇ ਮੇਰੀਕਾਮ ਨੂੰ 10-10 ਪੁਆਇੰਟ ਦਿਤੇ।