ਬੁਡਾਪੇਸਟ :ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਚ ਚੱਲ ਰਹੀ ਵਿਸ਼ਵ ਕੈਡੇਟ ਕੁਸ਼ਤੀ ਮੁਕਾਬਲੇ ਵਿਚ ਭਾਰਤ ਦੀ ਪ੍ਰਿਯਾ ਮਲਿਕ ਨੇ 73 ਕਿਲੋਗ੍ਰਾਮ ਭਾਰ ਸ਼੍ਰੇਦੀ ਵਿਚ ਸੋਨੇ ਦਾ ਤਮਗ਼ਾ ਜਿੱਤ ਲਿਆ। ਭਾਰਤੀ ਕੁੜੀਆਂ ਨੇ ਇਸ ਮੁਕਾਬਲੇ ਵਿਚ 3 ਗੋਲਡ ਮੈਡਲਾਂ ਸਮੇਤ ਕੁਲ 5 ਮੈਡਲ ਜਿੱਤੇ ਹਨ। ਪ੍ਰਿਯਾ ਦੀ ਜਿੱਤ ਦੇ ਬਾਅਦ ਭਾਰਤ ਦੇ ਕੁਝ ਪ੍ਰਸ਼ੰਸਕਾਂ ਨੂੰ ਗ਼ਲਤਫ਼ਹਿਮੀ ਹੋ ਗਈ ਕਿ ਉਨ੍ਹਾਂ ਉਲੰਪਿਕ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਿਯਾ ਨੇ ਫ਼ਾਈਨਲ ਵਿਚ ਬੇਲਾਰੂਸ ਦੀ ਪਹਿਲਵਾਨ ਨੂੰ 5-0 ਨਾਲ ਹਰਾਇਆ। ਪ੍ਰਿਯਾ ਦੇ ਇਲਾਵਾ ਦੋ ਹੋਰ ਭਾਰਤੀ ਪਹਿਲਵਾਨਾਂ ਨੇ ਗੋਲਡ ਅਤੇ ਦੋ ਪਹਿਲਵਾਨਾਂ ਨੇ ਚਾਂਦੀ ਦੇ ਤਮਗ਼ੇ ਅਪਣੇ ਨਾਮ ਕੀਤੇ। ਤੰਨੂ ਨੇ 43 ਕਿਲੋ ਵਿਚ ਅਤੇ ਕੋਮਲ ਨੇ 46 ਕਿਲੋ ਵਿਚ ਗੋਲਡ ਮੈਡਲ ਜਿੱਤੇ। ਦੂਜੇ ਪਾਸੇ ਵਰਸ਼ਾ ਨੇ 64 ਕਿਲੋ ਵਿਚ ਅਤੇ ਅੰਤਿਮ ਨੇ 53 ਕਿਲੋ ਭਾਰਤ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਮੁਕਾਬਲੇ ਵਿਚ ਭਾਰਤ ਕੁੜੀਆਂ ਦੀ ਸ਼੍ਰੇਣੀਆਂ ਵਿਚ ਸਮੁੱਚੇ ਤੌਰ ’ਤੇ ਦੂਜੇ ਸਥਾਨ ’ਤੇ ਰਿਹਾ। ਅਮਰੀਕਾ ਦੀ ਟੀਮ ਪਹਿਲੇ ਅਤੇ ਰੂਸ ਦੀ ਟੀਮ ਤੀਜੇ ਸਥਾਨ ’ਤੇ ਰਹੀ। ਕੈਡੇਟ ਵਿਚ 15 ਤੋਂ 17 ਸਾਲ ਦੇ ਖਿਡਾਰੀ ਹਿੱਸਾ ਲੈ ਸਕਦਾ ਹੈ। ਕੁਸ਼ਤੀ ਵਿਚ ਵਿਸ਼ਵ ਕੈਡੇਟ ਮੁਕਾਬਲੇ ਵਿਚ 10-10 ਭਾਰ ਸ਼੍ਰੇਣੀਆਂ ਸ਼ਾਮਲ ਹਨ। ਟੋਕੀਉ ਵਿਚ ਕੁਸ਼ਤੀ ਦੇ ਮੁਕਾਬਲੇ 1 ਅਗਸਤ ਤੋਂ ਸ਼ੁਰੂ ਹੋਣੇ ਹਨ। ਭਾਰਤ ਦੇ 7 ਖਿਡਾਰੀ ਹਿੱਸਾ ਲੈ ਰਹੇ ਹਨ।